ਕੇਂਦਰੀ ਗ੍ਰਹਿ ਮੰਤਰਾਲਾ ਦੇ ਨਿਰਦੇਸ਼ਾਂ ਅਨੁਸਾਰ 24 ਅਪਰੈਲ ਰਾਤ 8:00 ਵਜੇ ਪਾਈਟੈਕਸ ਗਰਾਊਂਡ ਰਣਜੀਤ ਐਵੇਨਿਊ ਵਿੱਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਅਭਿਆਸ ਕਰਵਾਇਆ ਜਾ ਰਿਹਾ ਹੈ। ਇਹ ਮੌਕ ਐਕਸਰਸਾਈਜ਼ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਿਵਲ ਡਿਫੈਂਸ ਦੀ ਤਿਆਰੀ ਦੀ ਜਾਂਚ ਕਰਨ ਲਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਸਹਾਇਕ ਕਮਿਸ਼ਨਰ ਜਨਰਲ ਪ੍ਰਗਤੀ ਸੇਠੀ ਅਤੇ ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਮਨਪ੍ਰੀਤ ਸਿੰਘ ਰੰਧਾਵਾ (ਜ਼ਿਲ੍ਹਾ ਕਮਾਂਡਰ) ਨੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਦਿਆਂ ਦੱਸਿਆ ਕਿ ਮੌਕ ਡਰਿੱਲ ਐਕਸਰਸਾਈਜ਼ ਏਅਰ ਰੇਡ ਚਿਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜੋ ਸਾਇਰਨਾਂ ਰਾਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮੌਕ ਡਰਿੱਲ ਪਾਇਟੈਕਸ ਗਰਾਊਂਡ ਰਣਜੀਤ ਐਵੇਨਿਊ ਵਿੱਚ ਹੋਵੇਗੀ ਅਤੇ ਬਿਜਲੀ ਵਿਭਾਗ ਵੱਲੋਂ ਸਿਰਫ਼ ਇਸੇ ਹੀ ਇਲਾਕੇ ਦੀਆਂ ਲਾਈਟਾਂ ਨੂੰ ਕੁਝ ਸਮੇਂ ਲਈ ਬੰਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਿਸ਼ਚਤ ਸਥਾਨ ਤੇ ਬਲੈਕਆਊਟ ਦੌਰਾਨ ਨਿਰਧਾਰਤ ਖੇਤਰਾਂ ਵਿੱਚ ਆਮ ਜਨਤਾ ਵੱਲੋਂ ਸਾਰੀ ਗੈਰ-ਜ਼ਰੂਰੀ ਬੱਤੀਆਂ ਬੰਦ ਕੀਤੀਆਂ ਜਾਣ। ਹਾਲਾਂਕਿ, ਜ਼ਰੂਰੀ ਸੇਵਾਵਾਂ ਇਸ ਦੌਰਾਨ ਚੱਲਦੀਆਂ ਰਹਿਣਗੀਆਂ। ਮੌਕ ਡਰਿੱਲ ਖ਼ਤਮ ਹੋਣ ਮਗਰੋਂ ‘ਆਲ ਕਲੀਅਰ’ ਸਿਗਨਲ (2 ਮਿੰਟ ਲਈ ਲਗਾਤਾਰ ਉੱਚ ਧੁਨੀ ਵਾਲਾ ਸਾਇਰਨ) ਦਿੱਤਾ ਜਾਵੇਗਾ, ਜੋ ਇਸ ਮੌਕ ਡਰਿੱਲ ਦੇ ਖਤਮ ਹੋਣ ਦਾ ਸੰਕੇਤ ਹੋਵੇਗਾ। ਇਸ ਮੌਕ ਐਕਸਰਸਾਈਜ਼ ਦੌਰਾਨ ਅੱਗ ਬੁਝਾਉ ਕਾਰਵਾਈ, ਖੋਜ ਅਤੇ ਰਾਹਤ ਕਾਰਜ, ਫਸਟ ਏਡ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਦੀ ਢੁਆਈ, ਟਰੈਫਿਕ ਅਤੇ ਭੀੜ ਨਿਯੰਤਰਣ ਦੇ ਢੰਗ-ਤਰੀਕਿਆਂ ਦੀ ਰਿਹਰਸਲ ਕੀਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਦੌਰਾਨ ਉਹ ਨਾ ਘਬਰਾਉਣ।

