ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿੱਲ ਵੱਲੋਂ ਫੈਲਾਏ ਜਾਂਦੇ ਕਥਿਤ ਪ੍ਰਦੂਸ਼ਣ ਵਿਰੁੱਧ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਦਾ ਧਿਆਨ ਦਿਵਾਉਣ ਲਈ ਇਲਾਕੇ ਦੇ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਵੱਲੋਂ ਵਿਸ਼ੇਸ਼ ਦਸਤਖ਼ਤ ਮੁਹਿੰਮ ਆਰੰਭ ਕੀਤੀ ਗਈ ਹੈ। ਦੱਸਣਯੋਗ ਹੈ ਕਿ ਮਿੱਲ ਵੱਲੋਂ ਜਿੱਥੇ ਗੰਦੇ ਪਾਣੀ ਦੀ ਨੇੜਲੀਆਂ ਖੱਡਾਂ ਤੇ ਚੋਆਂ ਵਿੱਚ ਨਿਕਾਸੀ ਕਰਕੇ ਕਰੀਬ ਪੰਦਰਾਂ ਪਿੰਡਾਂ ਦੀ ਉਪਜਾਊ ਜ਼ਮੀਨ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਉੱਥੇ ਹੀ ਮਿੱਲ ਦੀ ਬਦਬੂ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਹੈ।
ਇਸ ਬਾਰੇ ਇਲਾਕੇ ਵਾਸੀਆਂ ਸੰਜੀਵ ਕੁਮਾਰ ਬੌਬੀ, ਅਸ਼ਵਨੀ ਠਾਕੁਰ, ਵਿਪਨ ਅਗਰਵਾਲ, ਡਾ. ਏ ਐੱਲ ਵਧਵਾ, ਰਾਜੇਸ਼ ਕੁਮਾਰ ਸੈਲਾ ਕਲਾਂ, ਮੋਹਿਤ ਗੁਪਤਾ, ਬਲਦੇਵ ਪੈਸਰਾ ਤੇ ਜਸਵੰਤ ਸਿੰਘ ਨੇ ਕਿਹਾ ਕਿ ਮਿੱਲ ਤੋਂ ਬਾਹਰ ਕੱਢੇ ਜਾਂਦੇ ਪਾਣੀ ਨੂੰ ਕਈ ਪਿੰਡਾਂ ਦੇ ਕਿਸਾਨ ਆਪਣੀਆਂ ਫਸਲਾਂ ਨੂੰ ਲਗਾਉਂਦੇ ਹਨ ਅਤੇ ਖੇਤਾਂ ਵਿੱਚ ਜ਼ਹਿਰੀਲੀ ਫਸਲ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਿੱਲ ਪ੍ਰਬੰਧਕਾਂ ਵੱਲੋਂ ਗੰਦੇ ਪਾਣੀ ਦੀ ਖਪਤ ਲਈ ਇਹ ਪਾਣੀ ਇਲਾਕੇ ਦੇ ਕਿਸਾਨਾਂ ਨੂੰ ਮੁਫ਼ਤ ਦਿੱਤਾ ਜਾ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਇਸ ਨੂੰ ਖੇਤਾਂ ਵਿੱਚ ਫਸਲਾਂ ਨੂੰ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪਾਣੀ ਦੀ ਸਿੰਜਾਈ ਨਾਲ ਹੁੰਦੀ ਫਸਲ ਸਥਾਨਕ ਕਾਸ਼ਤਕਾਰਾਂ ਵੱਲੋਂ ਮੰਡੀ ਵਿੱਚ ਵੇਚ ਦਿੱਤੀ ਹੈ ਅਤੇ ਆਪਣੀ ਵਰਤੋਂ ਲਈ ਫਸਲ ਦੂਜੀਆਂ ਥਾਵਾਂ ਤੋਂ ਲਈ ਜਾ ਰਹੀ ਹੈ। ਇਸ ਵਰਤਾਰੇ ਨਾਲ ਖੇਤਰ ਦੇ ਕਈ ਪਿੰਡਾਂ ਦੀ ਸੈਂਕੜੇ ਏਕੜ ਜ਼ਮੀਨ ਇਸੇ ਦੂਸ਼ਿਤ ਪਾਣੀ ਨਾਲ ਸਿੰਜਾਈ ਯੁਕਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਿੱਲ ਦੇ ਪ੍ਰਦੂਸ਼ਣ ਨਾਲ ਖੇਤਰ ਦਾ ਜ਼ਮੀਨਦੋਜ਼ ਪਾਣੀ ਦੂਸ਼ਿਤ ਹੋ ਚੁੱਕਾ ਹੈ ਅਤੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਲੱਗ ਰਹੀਆਂ ਹਨ। ਉਨ੍ਹਾਂ ਮਿੱਲ ਵੱਲੋਂ ਛੱਡੇ ਜਾਂਦੇ ਕੈਮੀਕਲ ਨਾਲ ਇਲਾਕੇ ਵਿੱਚ ਫੈਲਦੀ ਬਦਬੂ ਤੋਂ ਪੈਦਾ ਮੁਸ਼ਕਲਾਂ ਬਾਰੇ ਦੱਸਿਆ ਅਤੇ ਕਿਹਾ ਕਿ ਇਸ ਸਬੰਧੀ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ। ਇਲਾਕਾ ਵਾਸੀਆਂ ਅਨੁਸਾਰ ਉਹ ਪ੍ਰਭਾਵਿਤ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਇਸ ਪ੍ਰਦੂਸ਼ਣ ਪ੍ਰਤੀ ਜਾਗਰੂਕ ਕਰ ਰਹੇ ਹਨ ਅਤੇ ਇਸ ਦਸਤਖ਼ਤ ਮੁਹਿੰਮ ਨੂੰ ਅਦਾਲਤੀ ਕਾਰਵਾਈ ਲਈ ਵਰਤਣ ਬਾਰੇ ਵਿਚਾਰ ਕਰਨਗੇ।
ਤਕਨੀਕੀ ਨੁਕਸ ਦਰੁਸਤ ਕਰ ਲਿਆ ਹੈ: ਗੁਪਤਾ
ਕੁਆਂਟਮ ਪੇਪਰ ਮਿੱਲ ਦੇ ਪ੍ਰਬੰਧਕੀ ਅਧਿਕਾਰੀ ਅਜੇਸ਼ ਗੁਪਤਾ ਨੇ ਕਿਹਾ ਕਿ ਤਕਨੀਕੀ ਨੁਕਸ ਕਰਕੇ ਮਿੱਲ ਵਿੱਚੋਂ ਕੈਮੀਕਲ ਦਾ ਰਿਸਾਅ ਹੋਇਆ ਸੀ ਜਿਸ ਨੂੰ ਦਰੁਸਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਿੱਲ ਵਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ।

