ਫਗਵਾੜਾ ਦੇ ਲਾਅ ਗੇਟ ਇਲਾਕੇ ਵਿੱਚ ਚੱਲੀਆਂ ਗੋਲੀਆਂ; ਸੁਰੱਖਿਆ ਕਰਮਚਾਰੀਆਂ ਉੱਤੇ ਇੱਟਾਂ ਤੇ ਬੋਤਲਾਂ ਨਾਲ ਹਮਲਾ
ਕਾਰ ਚਾਲਕ ਨਾਲ ਹੋਈ ਬਹਿਸ ਤੋਂ ਬਾਅਦ ਵਧਿਆ ਵਿਵਾਦ
ਫਗਵਾੜਾ ਦੇ ਲਾਅ ਗੇਟ ਇਲਾਕੇ ਵਿੱਚ ਬੀਤੀ ਦੇਰ ਰਾਤ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਹੈ। ਘਟਨਾ ਦੌਰਾਨ ਇੱਕ ਨਿੱਜੀ ਕੰਪਨੀ ਵੱਲੋਂ ਸੁਰੱਖਿਆ ਲਈ ਤਾਇਨਾਤ ਮਹਿਲਾ ਸੁਰੱਖਿਆ ਗਾਰਡ ਸਮੇਤ ਹੋਰ ਸੁਰੱਖਿਆ ਕਰਮਚਾਰੀਆਂ ਨਾਲ ਕੁਝ ਨੌਜਵਾਨਾਂ ਵੱਲੋਂ ਕਥਿਤ ਤੌਰ ’ਤੇ ਬਹਿਸ ਅਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਕਾਰ ਚਾਲਕ ਨਾਲ ਹੋਈ ਬਹਿਸ ਤੋਂ ਬਾਅਦ ਵਿਵਾਦ ਵਧਿਆ
ਮਹਿਲਾ ਸੁਰੱਖਿਆ ਗਾਰਡ ਕਾਜਲ ਨੇ ਦੱਸਿਆ ਕਿ ਦੇਰ ਰਾਤ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੂੰ ਉਸ ਨੇ ਗੱਡੀ ਹੌਲੀ ਚਲਾਉਣ ਲਈ ਰੋਕਿਆ ਸੀ। ਇਸ ਦੌਰਾਨ ਕਾਰ ਚਾਲਕ ਨੇ ਉਸ ਨਾਲ ਬਹਿਸ ਕੀਤੀ ਅਤੇ ਮੌਕੇ ਤੋਂ ਚਲਾ ਗਿਆ। ਕਾਜਲ ਮੁਤਾਬਕ ਕੁਝ ਸਮੇਂ ਬਾਅਦ ਉਹੀ ਕਾਰ ਚਾਲਕ ਦਰਜਨਾਂ ਅਣਪਛਾਤੇ ਨੌਜਵਾਨਾਂ ਸਮੇਤ ਮੁੜ ਮੌਕੇ ’ਤੇ ਆ ਗਿਆ ਅਤੇ ਕਥਿਤ ਤੌਰ ’ਤੇ ਗਾਲੀ-ਗਲੋਚ ਕਰਨ ਲੱਗ ਪਿਆ।
ਪੁਲੀਸ ਦੇ ਮੌਕੇ ’ਤੇ ਪਹੁੰਚਣ ਤੋਂ ਬਾਅਦ ਵੀ ਨੌਜਵਾਨਾਂ ਨੇ ਕੀਤਾ ਹਮਲਾ
ਉਸ ਨੇ ਦੱਸਿਆ ਕਿ ਸਥਿਤੀ ਨੂੰ ਦੇਖਦਿਆਂ ਹੋਰ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਪਿੱਛੇ ਕਰ ਦਿੱਤਾ ਅਤੇ ਨੌਜਵਾਨਾਂ ਨਾਲ ਬਹਿਸ ਸ਼ੁਰੂ ਹੋ ਗਈ। ਕਾਜਲ ਮੁਤਾਬਕ ਇਸ ਸਬੰਧੀ ਚਹੇੜੂ ਚੌਕੀ ਪੁਲੀਸ ਨੂੰ ਸੂਚਿਤ ਕੀਤਾ ਗਿਆ, ਪਰ ਫੋਨ ’ਤੇ ਕਥਿਤ ਤੌਰ ’ਤੇ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਗਈ ਕਿ ਸਵੇਰੇ ਮਾਮਲਾ ਦੇਖਿਆ ਜਾਵੇਗਾ।
ਮਹਿਲਾ ਗਾਰਡ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਪੁਲੀਸ ਮੌਕੇ ’ਤੇ ਪਹੁੰਚੀ, ਪਰ ਬਿਨਾਂ ਕੋਈ ਕਾਰਵਾਈ ਕੀਤੇ ਵਾਪਸ ਚਲੀ ਗਈ। ਇਸ ਤੋਂ ਬਾਅਦ ਕਥਿਤ ਤੌਰ ’ਤੇ ਉਕਤ ਨੌਜਵਾਨਾਂ ਨੇ ਸੁਰੱਖਿਆ ਕਰਮਚਾਰੀਆਂ ’ਤੇ ਇੱਟਾਂ ਅਤੇ ਬੋਤਲਾਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਸੁਰੱਖਿਆ ਕੰਪਨੀ ਦੇ ਦੋ ਨੌਜਵਾਨ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਵੀ ਸੂਚਨਾ ਹੈ।

