DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫੱਤੂਢੀਂਗਾ ’ਚ ਬਲਾਕ ਸਮਿਤੀ ਦੀ ਚੋਣ ਦੌਰਾਨ ਗੋਲੀ ਚੱਲੀ

ਪ੍ਰਸ਼ਾਸਨ ਵੱਲੋਂ ਚੋਣ ਰੱਦ; ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਅਤੇ ‘ਆਪ’ ਆਗੂਆਂ ਵਿਚਾਲੇ ਤਣਾਅ

  • fb
  • twitter
  • whatsapp
  • whatsapp
featured-img featured-img
ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਸਮਰਥਕ ਅਤੇ ‘ਆਪ’ ਵਰਕਰ ਆਪਸ ਵਿੱਚ ਖਹਿਬੜਦੇ ਹੋਏ। -ਫੋਟੋ: ਸਰਬਜੀਤ ਸਿੰਘ
Advertisement

ਕਪੂਰਥਲਾ ਜ਼ਿਲ੍ਹੇ ਦੇ ਫੱਤੂਢੀਂਗਾ ਵਿੱਚ ਅੱਜ ਬਲਾਕ ਸਮਿਤੀ ਦੇ ਚੇਅਰਮੈਨ ਦੀ ਚੋਣ ਮੌਕੇ ਗੋਲੀ ਚੱਲਣ ਕਾਰਨ ਦਹਿਸ਼ਤ ਫ਼ੈਲ ਗਈ ਅਤੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ। ਸੁਲਤਾਨਪੁਰ ਲੋਧੀ ਅਧੀਨ ਆਉਂਦੀ ਇਸ ਸਮਿਤੀ ਦੇ 15 ਮੈਂਬਰਾਂ ਦੀ ਚੋਣ ਦੌਰਾਨ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਅਤੇ ਸੱਤਾਧਾਰੀ ਧਿਰ ‘ਆਪ’ ਦੇ ਆਗੂਆਂ ਵਿਚਾਲੇ ਸਥਿਤੀ ਤਣਾਅਪੂਰਨ ਬਣ ਗਈ, ਜਿਸ ਕਾਰਨ ਪ੍ਰਸ਼ਾਸਨ ਨੂੰ ਚੋਣ ਰੱਦ ਕਰਨੀ ਪਈ।

ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਾਇਰ ਕਰਕੇ ਇਹ ਚੋਣ ਨਿਰਪੱਖ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ 2 ਅਪਰੈਲ ਨੂੰ ਹੋਣੀ ਸੀ ਪਰ ਪ੍ਰਸ਼ਾਸਨ ਨੇ ਅਚਾਨਕ ਅੱਜ ਹੀ ਚੋਣ ਕਰਵਾਉਣ ਦਾ ਫ਼ੈਸਲਾ ਕੀਤਾ, ਜਿਸ ਕਾਰਨ ਮਾਹੌਲ ਗਰਮਾ ਗਿਆ। ਰਾਣਾ ਇੰਦਰਪ੍ਰਤਾਪ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਨੇ ਉਨ੍ਹਾਂ ਦੇ ਮੈਂਬਰਾਂ ਦਾ ਰਸਤਾ ਰੋਕਿਆ ਅਤੇ ਗੋਲੀ ਚਲਾਈ।

Advertisement

ਇਸ ਦੌਰਾਨ ਦੂਜੇ ਪਾਸੇ ‘ਆਪ’ ਆਗੂ ਸੱਜਣ ਸਿੰਘ ਚੀਮਾ ਨੇ ਦੋਸ਼ ਨਕਾਰਦਿਆਂ ਕਿਹਾ ਕਿ ਗੋਲੀ ਰਾਣਾ ਧੜੇ ਵੱਲੋਂ ਚਲਾਈ ਗਈ ਹੈ। ਇਸ ਦੌਰਾਨ ਹੰਗਾਮੇ ਨੂੰ ਦੇਖਦਿਆਂ ਐੱਸ ਡੀ ਐੱਮ ਨੇ ਚੋਣ ਪ੍ਰਕਿਰਿਆ ਤੁਰੰਤ ਰੋਕ ਦਿੱਤੀ। ਐੱਸ ਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਤੱਥ ਸਾਹਮਣੇ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।

Advertisement

ਹਾਈ ਕੋਰਟ ਵੱਲੋਂ 4 ਨੂੰ ਡੀ ਸੀ ਦਫ਼ਤਰ ’ਚ ਚੋਣ ਕਰਵਾਉਣ ਦੇ ਹੁਕਮ

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਰਾਣਾ ਧੜੇ ਨੇ ਅੱਜ ਮੁੜ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿਸ ’ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਚੋਣ 4 ਅਪਰੈਲ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਕਰਵਾਉਣ ਦਾ ਹੁਕਮ ਦਿੱਤਾ ਹੈ। ਪ੍ਰਕਿਰਿਆ ਦੀ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਾਈ ਕੋਰਟ ਦਾ ਨੁਮਾਇੰਦਾ ਵੀ ਮੌਕੇ ’ਤੇ ਮੌਜੂਦ ਰਹੇਗਾ।

ਧੱਕਾ-ਮੁੱਕੀ ਦੌਰਾਨ ਪੱਗ ਲੱਥੀ

ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਦੋਸ਼ ਲਾਇਆ ਕਿ ‘ਆਪ’ ਆਗੂਆਂ ਵੱਲੋਂ ਉਨ੍ਹਾਂ ਦੇ ਕੁਝ ਮੈਂਬਰਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦੌਰਾਨ ਹੋਈ ਖਿੱਚ-ਧੂਹ ਅਤੇ ਧੱਕਾ-ਮੁੱਕੀ ਦੌਰਾਨ ਉਨ੍ਹਾਂ ਦੇ ਇੱਕ ਮੈਂਬਰ ਦੀ ਪੱਗ ਵੀ ਲੱਥ ਗਈ। ਵਿਧਾਇਕ ਅਨੁਸਾਰ ਇਸ ਟਕਰਾਅ ਦੌਰਾਨ ਕੁਝ ਲੋਕ ਲਾਗਲੇ ਖੇਤਾਂ ਅਤੇ ਮੋਟਰਸਾਈਕਲਾਂ ’ਤੇ ਜਾ ਡਿੱਗੇ, ਜਿਸ ਕਾਰਨ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ‘ਆਪ’ ਪੂਰੇ ਪੰਜਾਬ ਵਿੱਚ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਪੁਲੀਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਮੌਕੇ ’ਤੇ ਮੌਜੂਦ ਡੀ ਐੱਸ ਪੀ ਨੂੰ ਗੋਲੀ ਚੱਲਣ ਦੀ ਆਵਾਜ਼ ਤੱਕ ਸੁਣਾਈ ਨਹੀਂ ਦਿੱਤੀ, ਜਿਸ ਤੋਂ ਪੁਲੀਸ ਦੀ ਨਾਕਾਮੀ ਸਾਫ਼ ਝਲਕਦੀ ਹੈ। ਦੂਜੇ ਪਾਸੇ ‘ਆਪ’ ਆਗੂ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਕੋਈ ਧੱਕੇਸ਼ਾਹੀ ਨਹੀਂ ਕੀਤੀ।

Advertisement
×