ਫਗਵਾੜਾ ਵਿਚ ਵੱਖ-ਵੱਖ ਥਾਵਾਂ ’ਤੇ ਚੱਲੀਆਂ ਗੋਲੀਆਂ, ਦੋ ਜ਼ਖਮੀ

ਫਗਵਾੜਾ ਵਿਚ ਵੱਖ-ਵੱਖ ਥਾਵਾਂ ’ਤੇ ਚੱਲੀਆਂ ਗੋਲੀਆਂ, ਦੋ ਜ਼ਖਮੀ

ਫਗਵਾੜਾ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਨੌਜਵਾਨ ਨਾਲ ਗੱਲਬਾਤ ਕਰਦੇ ਹੋਏ ਪੁਲੀਸ ਮੁਲਾਜ਼ਮ।

ਜਸਬੀਰ ਸਿੰਘ ਚਾਨਾ
ਫਗਵਾੜਾ, 28 ਸਤੰਬਰ

ਅੱਜ ਸ਼ਹਿਰ ’ਚ ਮਾਹੌਲ ਉਸ ਸਮੇਂ ਦਹਿਸ਼ਤ ਵਾਲਾ ਬਣ ਗਿਆ ਜਦੋਂ ਸ਼ਹਿਰ ’ਚ ਦੋ ਵੱਖ-ਵੱਖ ਥਾਵਾਂ ’ਤੇ ਚੱਲੀਆਂ ਗੋਲੀਆਂ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਇਨ੍ਹਾਂ ’ਚੋਂ ਇੱਕ ਘਟਨਾ ਕੋਟਰਾਣੀ ਤੇ ਦੂਜੀ ਬੰਗਾ ਰੋਡ ’ਤੇ ਵਾਪਰੀ ਹੈ।

ਅੱਜ ਸ਼ਾਮ ਹਦੀਆਬਾਦ ਤੋਂ ਕੋਟਰਾਣੀ ਜਿਮ ਜਾ ਰਹੇ ਨੌਜਵਾਨ ਨੂੰ ਗੱਡੀ ਸਵਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਜਿਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਜਸਪ੍ਰੀਤ ਸਿੰਘ ਸਿੱਧੂ, ਏਡੀ ਰਾਜੀਵ ਵਰਮਾ, ਐਸਡੀਐਮ ਪਵਿੱਤਰ ਸਿੰਘ, ਐਸਪੀ ਜਾਂਚ ਸਰਬਜੀਤ ਸਿੰਘ ਵਾਹੀਆ, ਐਸਪੀ ਮਨਵਿੰਦਰ ਸਿੰਘ ਸਣੇ ਹੋਰ ਪੁਲੀਸ ਅਧਿਕਾਰੀ ਸਿਵਲ ਹਸਪਤਾਲ ਪੁੱਜੇ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।

ਜਾਣਕਾਰੀ ਅਨੁਸਾਰ ਜ਼ਖਮੀ ਦੀ ਪਛਾਣ ਗਗਨ ਸ਼ਰਮਾ (26) ਵਾਸੀ ਹਦੀਆਬਾਦ ਵਜੋਂ ਹੋਈ ਹੈ। ਉਹ ਸ਼ਾਮ ਘਰ ਤੋਂ ਕੋਟਰਾਣੀ ਜਿਮ ਨੂੰ ਜਾ ਰਿਹਾ ਸੀ। ਰਸਤੇ ਵਿਚ ਨਹਿਰੀ ਸੜਕ ਕੰਡੇ ਖੜ੍ਹੀ ਗੱਡੀ ਸਵਾਰ ਦੋ ਨੌਜਵਾਨਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮਾਂ ਨੇ ਉਸ ਦਾ ਪਿੱਛਾ ਵੀ ਕੀਤਾ। ਉਸ ਨੂੰ ਜ਼ਖਮੀ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ ਗਿਆ।

ਐੱਸਪੀ ਜਾਂਚ ਨੇ ਦੱਸਿਆ ਕਿ ਉਸ ਦੇ ਦੋ ਗੋਲੀਆਂ ਗੋਡੇ ਤੋਂ ਹੇਠਾਂ ਲੱਗੀਆਂ ਹਨ ਜਿਨ੍ਹਾਂ ਨੂੰ ਡਾਕਟਰਾਂ ਨੇ ਕੱਢ ਦਿੱਤਾ ਹੈ ਤੇ ਹੁਣ ਹਾਲਤ ਖ਼ਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਜਾਰੀ ਹੈ।

ਇਸੇ ਤਰ੍ਹਾਂ ਬੰਗਾ ਰੋਡ ’ਤੇ ਜੀਬੀ ਹਸਪਤਾਲ ਦੇ ਲਾਗੇ ਮੋਬਾਈਲ ਦੀ ਦੁਕਾਨ ’ਤੇ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਦੁਕਾਨ ਮਾਲਕ ਨੂੰ ਜ਼ਖ਼ਮੀ ਕਰ ਦਿੱਤਾ, ਊਸ ਨੂੰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਦੁਕਾਨਦਾਰ ਦੀ ਪਛਾਣ ਮੁਨੀਸ਼ ਕੁਮਾਰ ਵਾਸੀ ਹਰਕ੍ਰਿਸ਼ਨ ਨਗਰ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਕ ਮੁਨੀਸ਼ ਅੱਜ ਸ਼ਾਮ ਆਪਣੀ ਦੁਕਾਨ ’ਤੇ ਬੈਠਾ ਸੀ। ਇਸ ਦੌਰਾਨ ਦੋ ਨੌਜਵਾਨ ਆਏ ਤੇ ਉਨ੍ਹਾਂ ਨੇ ਸਾਮਾਨ ਲੈਣ ਦੇ ਬਹਾਨੇ ਅੰਦਰ ਆ ਕੇ ਉਸ ’ਤੇ ਗੋਲੀ ਚੱਲਾ ਦਿੱਤੀ ਜੋ ਉਸ ਦੀ ਬਾਂਹ ਕੋਲ ਵੱਜੀ, ਉਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਆਂਦਾ ਗਿਆ। ਪੁਲੀਸ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿਸਤੌਲ ਦਿਖਾ ਕੇ ਔਰਤ ਦੀ ਚੇਨੀ ਝਪਟੀ

ਫਗਵਾੜਾ: ਇੱਥੇ ਆਪਣੇ ਰਿਸ਼ਤੇਦਾਰ ਨਾਲ ਮੋਟਰਸਾਈਕਲ ’ਤੇ ਜਾ ਰਹੀ ਔਰਤ ਦੀ ਮੋਟਰਸਾਈਕਲ ਸਵਾਰ ਲੁਟੇਰੇ ਪਿਸਤੌਲ ਦੀ ਨੌਕ ’ਤੇ ਚੇਨੀ ਖੋਹ ਕੇ ਫ਼ਰਾਰ ਹੋ ਗਏ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤ ਦੇ ਪਰਿਵਾਰਕ ਮੈਂਬਰ ਮਨਜੀਤ ਨੇ ਦੱਸਿਆ ਕਿ ਉਹ ਹਸਪਤਾਲ ’ਚ ਆਪਣੇ ਰਿਸ਼ਤੇਦਾਰ ਕੋਲੋਂ ਵਾਪਸ ਆ ਰਹੇ ਸਨ। ਇਸ ਦੌਰਾਨ ਹੁਸ਼ਿਆਰਪੁਰ ਰੋਡ ਤੋਂ ਜੈਨ ਮਾਡਲ ਸਕੂਲ ਦੇ ਕੋਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਮਹਿਲਾ ਦੇ ਗਲੇ ’ਚ ਪਹਿਨੀ ਚੇਨੀ ਝਪਟ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All