ਦੁਕਾਨਦਾਰਾਂ ਨੇ ਪੁਲੀਸ ਖ਼ਿਲਾਫ਼ ਰੋਸ ਮਾਰਚ ਕੀਤਾ
ਕੌਮੀ ਮਾਰਗ ’ਤੇ ਲਾਂਘੇ ਬੰਦ ਹੋਣ ਕਾਰਨ ਕਾਰੋਬਾਰ ਪ੍ਰਭਾਵਿਤ; ਪੁਲੀਸ ਰੋਕਾਂ ਹਟਾਉਣ ਲਈ ਸਹਿਮਤ
ਸ਼ਹਿਰ ਵਿੱਚ ਕੌਮੀ ਮਾਰਗ ’ਤੇ ਪੁਲੀਸ ਵੱਲੋਂ ਰੋਕਾਂ ਲਾਉਣ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਵਿਰੋਧ ਵਿੱਚ ਅੱਜ ਮਾਰਕੀਟ ਐਸੋਸੀਏਸ਼ਨ ਭੋਗਪੁਰ, ਸ਼ਾਪਕੀਪਰਜ਼ ਵੈਲਫ਼ੇਅਰ ਐਸੋਸੀਏਸ਼ਨ ਭੋਗਪੁਰ ਅਤੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸਮੂਹ ਦੁਕਾਨਦਾਰਾਂ ਨੇ ਸ਼ਹਿਰ ਵਿੱਚ ਪੁਲੀਸ ਵਿਰੁੱਧ ਰੋਸ ਮਾਰਚ ਕੀਤਾ। ਇਸ ਦੌਰਾਨ ਥਾਣਾ ਭੋਗਪੁਰ ਦੇ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਵਿਚਕਾਰ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ ਅਤੇ ਪੁਲੀਸ ਨੇ ਲੋਕਾਂ ਦੀਆਂ ਕੁਝ ਮੰਗਾਂ ਮੰਨ ਲਈਆਂ। ਨੁਮਾਇੰਦਿਆਂ ਨੇ ਥਾਣਾ ਮੁਖੀ ਨੂੰ ਦੱਸਿਆ ਕਿ ਸ਼ਹਿਰ ਵਿੱਚ ਕੌਮੀ ਮਾਰਗ ’ਤੇ ਤਿੰਨ ਕੱਟਾਂ ’ਤੇ ਰੋਕਾਂ ਲਾਉਣ ਕਾਰਨ ਸ਼ਹਿਰ ਦੋ ਹਿਸਿਆਂ ਵਿੱਚ ਵੰਡਿਆ ਗਿਆ ਅਤੇ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ। ਇਸ ਲਈ ਰੋਕਾਂ ਹਟਾਈਆਂ ਜਾਣ। ਥਾਣਾ ਮੁਖੀ ਨੇ ਕਿਹਾ ਕਿ ਕੱਟ ਤੋਂ ਰੋਕਾਂ ਹਟਾਉਣ ਨਾਲ ਸ਼ਹਿਰ ਵਿੱਚ ਆਵਾਜਾਈ ਦੀ ਗੰਭੀਰ ਸਮੱਸਿਆ ਬਣ ਜਾਂਦੀ ਹੈ ਅਤੇ ਕਈ ਕਈ ਘੰਟੇ ਜਾਮ ਲੱਗ ਜਾਂਦੇ ਹਨ। ਇਸ ਦੌਰਾਨ ਕਾਂਗਰਸੀ ਆਗੂ ਅਸ਼ਵਨ ਭੱਲਾ, ਕਿਸਾਨ ਆਗੂ ਗੁਰਦੀਪ ਸਿੰਘ ਚੱਕ ਝੱਡੂ, ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਖਰਲ, ਪ੍ਰਧਾਨ ਵਿਸ਼ਾਲ ਬਹਿਲ ਅਤੇ ਹੋਰ ਆਗੂਆਂ ਦਾ ਪੁਲੀਸ ਨਾਲ ਸਮਝੌਤਾ ਹੋਇਆ ਕਿ ਕੌਮੀ ਮਾਰਗ ’ਤੇ ਬਣੇ ਟੀ ਪੁਆਇੰਟ ’ਤੇ ਲੱਗੀਆਂ ਰੋਕਾਂ ਅਤੇ ਥਾਣੇ ਦੇ ਸਾਹਮਣੇ ਲਾਈਆਂ ਰੋਕਾਂ ਪੂਰੀ ਤਰ੍ਹਾਂ ਹਟਾ ਲਈਆਂ ਜਾਣਗੀਆਂ ਅਤੇ ਰੇਲਵੇ ਰੋਡ ਦੇ ਸਾਹਮਣੇ ਕੌਮੀ ਮਾਰਗ ’ਤੇ ਲਾਈਆਂ ਰੋਕਾਂ ਨੂੰ ਕੇਵਲ ਦੋ ਪਹੀਏ ਵਾਹਨਾਂ ਲਈ ਖੋਲ੍ਹਿਆ ਜਾਵੇਗਾ। ਇਸ ਦੌਰਾਨ ਇਹ ਸਮਝੌਤਾ ਵੀ ਹੋਇਆ ਕਿ ਦੁਕਾਨਦਾਰ ਆਪਣਾ ਸਾਮਾਨ ਦੁਕਾਨਾਂ ਦੇ ਅੰਦਰ ਰੱਖਣਗੇ ਅਤੇ ਕੌਮੀ ਮਾਰਗ ਦੇ ਦੋਵੇਂ ਪਾਸੇ ਸਰਵਿਸ ਲੇਨ ਵਿੱਚ ਰੇਹੜੀਆਂ ਨਹੀਂ ਖੜ੍ਹੀਆਂ ਕੀਤੀਆਂ ਜਾਣਗੀਆਂ। ਹਾਲਾਂਕਿ ਨਵੇਂ ਬੱਸ ਅੱਡੇ ਵਿੱਚ ਬੱਸਾਂ ਜ਼ਰੂਰ ਜਾਣਗੀਆਂ।

