Shopkeepers ਵੱਲੋਂ ਖਸਤਾ ਹਾਲ ਸੜਕ ਖ਼ਿਲਾਫ਼ ਨਾਅਰੇਬਾਜ਼ੀ
ਧੂਡ਼ ਕਾਰਨ ਦੁਕਾਨਦਾਰੀ ਪ੍ਰਭਾਵਿਤ; ਸਮੱਸਿਆ ਜਲਦੀ ਹਲ ਕਰਨ ਦੀ ਮੰਗ
ਇੱਥੇ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਕ ’ਤੇ ਖਸਤਾ ਹਾਲ ਸੜਕ ਤੋਂ ਦੁਖੀ ਦੁਕਾਨਦਾਰਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਨੇ ਦੱਸਿਆ ਕਿ ਸਥਾਨਕ ਨਗਰ ਕੌਂਸਲ ਨੇ ਸੀਵਰੇਜ ਪਾਉਣ ਲਈ ਸੜਕ ਦੀ ਖੁਦਾਈ ਕੀਤੀ ਸੀ, ਪਰ ਪੁੱਟੀ ਹੋਈ ਸੜਕ ’ਤੇ ਪ੍ਰੀਮਿਕਸ ਪਾਉਣ ਉਪਰੰਤ ਉਹ ਬੈਠ ਗਈ। ਇਸ ਚੌਕ ਤੋਂ ਇੱਕ ਪਾਸੇ ਸੰਸਾਰਪੁਰ ਟੈਰਸ ਅਤੇ ਦੂਜੇ ਪਾਸੇ ਦੌਲਤਪੁਰ ਨੂੰ ਟਰੈਫਿਕ ਜਾਂਦੀ ਹੈ। ਰਸਤੇ ਤੰਗ ਹਨ, ਅਤੇ ਚੌਕ ’ਤੇ ਅਕਸਰ ਭੀੜ ਰਹਿੰਦੀ ਹੈ। ਖਣਨ ਸਮੱਗਰੀ ਲੈ ਕੇ ਲੰਘਦੇ ਓਵਰਲੋਡ ਟਿੱਪਰਾਂ ਅਤੇ ਹੋਰ ਵਾਹਨਾਂ ਕਾਰਨ ਉੱਡਦੀ ਧੂੜ ਦੁਕਾਨਾਂ ਵਿੱਚ ਰੱਖੇ ਸਾਮਾਨ ਨੂੰ ਖਰਾਬ ਕਰ ਰਹੀ ਹੈ ਅਤੇ ਖੱਡਿਆਂ ’ਚ ਪਏ ਪੱਥਰ ਰਾਹਗੀਰਾਂ ਤੇ ਨੇੜਲੇ ਦੁਕਾਨਦਾਰਾਂ ਲਈ ਜਾਨਲੇਵਾ ਸਿੱਧ ਹੋ ਰਹੇ ਹਨ। ਜਸਵਾਲ ਆਟੋ ਦੇ ਸਰਪ੍ਰਸਤ ਕਿਸ਼ਨ ਜਸਵਾਲ, ਮੁਲਖ ਰਾਜ, ਓਂਕਾਰ ਸਿੰਘ, ਅੰਕੁਸ਼, ਯਸ਼ ਕਰਿਆਨਾ ਸਟੋਰ ਦੇ ਮਾਲਕ ਨੇ ਸਰਕਾਰ ਤੋਂ ਉਨ੍ਹਾਂ ਦੀ ਸਮੱਸਿਆ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ।
ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਭੀਸ਼ਮ ਲਹੋਰਾ ਨੇ ਕਿਹਾ ਕਿ ਕਈ ਜਗ੍ਹਾ ’ਤੇ ਕੰਮ ਚੱਲ ਰਿਹਾ ਹੈ, ਲੇਬਰ ਦੀ ਵੀ ਘਾਟ ਹੈ। ਹਾਲ ਦੀ ਘੜੀ ਠੇਕੇਦਾਰ ਨੂੰ ਬੈੱਡ ਮਿਕਸ ਪਾ ਕੇ ਲੈਵਲ ਕਰਨ ਲਈ ਕਿਹਾ ਹੈ। ਉਨ੍ਹਾਂ ਚਾਰ ਪੰਜ ਦਿਨਾਂ ਵਿੱਚ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ।
ਦੂਸ਼ਿਤ ਪਾਣੀ ਖੜ੍ਹਨ ਕਾਰਨ ਰਾਹਗੀਰ ਪ੍ਰੇਸ਼ਾਨ
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਸਥਾਨਕ ਸ਼ਹਿਰ ਦੇ ਮੁਹੱਲਾ ਪਰਮਾਰ ਕਲੋਨੀ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਗੰਦੇ ਨਾਲੇ ਦੀ ਸਫਾਈ ਨਾ ਹੋਣ ਕਰਕੇ ਪਾਣੀ ਇੱਥੇ ਗਲੀਆਂ ਵਿੱਚ ਜਮ੍ਹਾਂ ਹੋਇਆ ਰਹਿੰਦਾ ਹੈ। ਇਸ ਕਾਰਨ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਕਾਰਨ ਮੁਹੱਲਾ ਵਾਸੀ ਅਤੇ ਰਾਹਗੀਰ ਵੀ ਪ੍ਰੇਸ਼ਾਨ ਹਨ। ਇਸ ਸਬੰਧੀ ਵਿਕਾਸ ਮੰਚ ਗੜ੍ਹਸ਼ੰਕਰ ਦੇ ਆਗੂਆਂ ਕੁਲਵਿੰਦਰ ਸੰਘਾ ਪ੍ਰਧਾਨ, ਰਵੀ ਰੱਲ੍ਹ, ਅਰਸ਼ਦੀਪ ਸਿੰਘ, ਸੁਖਦੀਪ ਸਿੰਘ ਸੈਣੀ, ਧਰਮਜੀਤ ਸਿੰਘ ਰਾਜਾ,ਤਰਸੇਮ ਲਾਲ ਨੇ ਕਿਹਾ ਕੇ ਪਹਿਲ ਦੇ ਆਧਾਰ ’ਤੇ ਗੰਦੇ ਨਾਲੇ ਦੀ ਸਫਾਈ ਕੀਤੀ ਜਾਵੇ ਤੇ ਪਾਣੀ ਦੀ ਨਿਕਾਸੀ ਲਈ ਅੱਗੇ ਲੋੜੀਂਦਾ ਪ੍ਰਬੰਧ ਕੀਤਾ ਜਾਵੇ, ਨਵੀਂ ਸੜਕ ਬਣਾਈ ਜਾਵੇ। ਆਗੂਆਂ ਨੇ ਕਿਹਾ ਕਿ ਪਰਮਾਰ ਕਲੋਨੀ ਵਿੱਚ ਕੰਮ ਜਲਦੀ ਕਰਵਾਇਆ ਜਾਵੇ ਨਹੀਂ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਕਾਰਜਸਾਧਕ ਅਫਸਰ ਗੜ੍ਹਸ਼ੰਕਰ ਮਦਨ ਸਿੰਘ ਦਾ ਕਹਿਣਾ ਹੈ ਕਿ ਮੌਕਾ ਦੇਖ ਕੇ ਲੋੜੀਂਦਾ ਹੱਲ ਕੀਤਾ ਜਾਵੇਗਾ।

