Shiromani Akali Dal ਨੇ ਕਾਦੀਆਂ ਥਾਣਾ ਘੇਰਿਆ
ਝੂਠਾ ਪਰਚਾ ਰੱਦ ਕਰਵਾਉਣ ਲਈ ਆਵਾਜਾਈ ਕੀਤੀ ਠੱਪ; ਕਾਰਵਾਈ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਝੂਠਾ ਪਰਚਾ ਦਰਜ ਕਰਨ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਅਤੇ ਯੂਥ ਆਗੂ ਕਵਲਪ੍ਰੀਤ ਸਿੰਘ ਕਾਕੀ ਦੀ ਅਗਵਾਈ ਹੇਠ ਅੱਜ ਕਾਦੀਆਂ ਥਾਣੇ ਦਾ ਘਿਰਾਓ ਕੀਤਾ ਗਿਆ। ਆਗੂਆਂ ਨੇ ਕਰੀਬ ਦੋ ਘੰਟੇ ਆਵਾਜਾਈ ਠੱਪ ਰੱਖੀ।
ਥਾਣੇ ਅੱਗੇ ਲਾਏ ਧਰਨੇ ਵਿੱਚ ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਗੁਰਬਚਨ ਸਿੰਘ ਬੱਬੇਹਾਲੀ, ਐੱਸ ਜੀ ਪੀ ਸੀ ਮੈਂਬਰ ਸੁਰਜੀਤ ਸਿੰਘ ਤੁਗਲਵਾਲਾ ਅਤੇ ਗੁਰਿੰਦਰਪਾਲ ਸਿੰਘ ਭਾਟੀਆ ਸ਼ਾਮਲ ਹੋਏ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਇੱਕ ਪਿੰਡ ਦੇ ਝਗੜੇ ਵਿੱਚ ਅਕਾਲੀ ਕੌਂਸਲਰ ਸੁਖਪ੍ਰੀਤ ਸਿੰਘ ਸੈਬੀ ਉੱਪਰ ਝੂਠਾ ਪਰਚਾ ਕਰਵਾਇਆ ਗਿਆ ਹੈ।
ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਪ੍ਰਧਾਨ ਦੀ ਚੋਣ ਦੌਰਾਨ ਅਕਾਲੀ ਕੌਂਸਲਰਾਂ ਨਾਲ ਹੋਈ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਫ਼ਾਈ ਸੇਵਕ ਔਰਤਾਂ ਉੱਪਰ ਹੋਏ ਤਸ਼ੱਦਦ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਐੱਸ ਜੀ ਪੀ ਸੀ ਮੈਂਬਰ ਗੁਰਿੰਦਰਪਾਲ ਸਿੰਘ ਭਾਟੀਆ ਅਤੇ ਕੌਂਸਲਰ ਸੈਬੀ ਨਾਲ ਡਟ ਕੇ ਖੜ੍ਹੀ ਹੈ।
ਡੀ ਐੱਸ ਪੀ ਮਨੋਜ ਕੁਮਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਕਿ ਜਾਂਚ ਦੌਰਾਨ ਕੌਂਸਲਰ ਸੈਬੀ ਦੀ ਲੋਕੇਸ਼ਨ ਘਟਨਾ ਵਾਲੀ ਥਾਂ ਦੀ ਨਹੀਂ ਮਿਲੀ, ਜਿਸ ਕਾਰਨ ਉਸ ਦਾ ਨਾਂ ਪਰਚੇ ਵਿੱਚੋਂ ਕੱਢ ਦਿੱਤਾ ਗਿਆ ਹੈ। ਇਸ ਮਗਰੋਂ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਪਰਮਬੀਰ ਸਿੰਘ ਲਾਡੀ, ਸੁਖਜਿੰਦਰ ਸਿੰਘ ਸੋਨੂੰ, ਰਾਜਨਵੀਰ ਸਿੰਘ ਘੁਮਾਣ, ਗੁਰਦੇਵ ਸਿੰਘ ਸੋਹਲ, ਮਨਜੀਤ ਸਿੰਘ ਕੰਗ, ਸੁਖਬੀਰ ਸਿੰਘ ਵਾਹਲਾ, ਸੋਨੂੰ ਔਲਖ ਅਤੇ ਤਰਲੋਕ ਸਿੰਘ ਬਾਠ ਹਾਜ਼ਰ ਸਨ।

