Shahpurkandi Dam Project ਦਾ ਕੰਮ ਮਿੱਥੇ ਟੀਚੇ ਤੋਂ ਲਟਕਣ ਦੀ ਸੰਭਾਵਨਾ
ਮੁੱਖ ਮੰਤਰੀ ਨੇ ਮਾਰਚ ਵਿੱਚ ਕੰਮ ਪੂਰਾ ਕਰਨ ਦਾ ਕੀਤਾ ਸੀ ਐਲਾਨ: ਜੂਨ ਦੇ ਅਖੀਰ ਤੱਕ ਚੱਲ ਸਕਦੀ ਹੈ ਨਹਿਰ
ਰਾਵੀ ਦਰਿਆ ਉਪਰ ਬਣਾਏ ਜਾ ਰਹੇ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ਦੇ ਨਿਰਮਾਣ ਅਧੀਨ ਦੋ ਪਾਵਰ ਹਾਊਸਾਂ ਦਾ ਕੰਮ ਨਿਰਧਾਰਤ ਟੀਚੇ ਤੋਂ ਲਟਕਣ ਦੀ ਸੰਭਾਵਨਾ ਹੈ। ਜਦ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ 5 ਨਵੰਬਰ ਨੂੰ ਸ਼ਾਹਪੁਰਕੰਡੀ ਡੈਮ ਦਾ ਬਣਾਇਆ ਗਿਆ ਹੈੱਡਰੈਗੂਲੇਟਰ ਲੋਕਾਂ ਨੂੰ ਸਮਰਪਿਤ ਕਰਦੇ ਸਮੇਂ ਐਲਾਨ ਕੀਤਾ ਸੀ ਕਿ ਇਸ ਪ੍ਰਾਜੈਕਟ ਉੱਪਰ 206 ਮੈਗਾਵਾਟ ਦੀ ਸਮਰੱਥਾ ਵਾਲੇ ਬਣਾਏ ਜਾ ਰਹੇ ਦੋ ਬਿਜਲੀ ਘਰ (ਪਾਵਰ ਹਾਊਸਾਂ) ਦਾ ਕੰਮ 75 ਫ਼ੀਸਦੀ ਪੂਰਾ ਹੋ ਚੁੱਕਾ ਹੈ ਅਤੇ ਮਾਰਚ 2026 ਤੱਕ ਇਹ ਕੰਮ ਪੂਰਾ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਨਾਲ ਬਿਜਲੀ ਉਤਪਾਦਨ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਸ਼ਾਹਪੁਰਕੰਡੀ ਡੈਮ ਪ੍ਰਾਜੈਕਟ ’ਤੇ 3394.49 ਕਰੋੜ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਇਸ ਵਿੱਚੋਂ 2694.02 ਕਰੋੜ ਰੁਪਏ (ਲਗਪਗ 80 ਫ਼ੀਸਦੀ) ਪੰਜਾਬ ਵੱਲੋਂ ਖਰਚੇ ਜਾ ਰਹੇ ਹਨ ਜਦ ਕਿ ਬਾਕੀ 700.45 ਕਰੋੜ ਰੁਪਏ (20 ਫ਼ੀਸਦੀ) ਦੀ ਸਹਾਇਤਾ ਭਾਰਤ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ। ਇਹ ਪ੍ਰਾਜੈਕਟ ਰਣਜੀਤ ਸਾਗਰ ਡੈਮ ਦੀ ਦੂਜੀ ਇਕਾਈ ਹੈ ਅਤੇ ਰਣਜੀਤ ਸਾਗਰ ਡੈਮ ਤੋਂ ਅੱਠ ਕਿਲੋਮੀਟਰ ਹੇਠਾਂ ਵਾਲੇ ਪਾਸੇ ਸ਼ਾਹਪੁਰਕੰਡੀ ਵਿੱਚ ਬਣਾਇਆ ਜਾ ਰਿਹਾ ਹੈ।
ਪਾਵਰ ਹਾਊਸ ਇੱਕ ਵਿੱਚ 33-33 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਤਿੰਨ ਯੂਨਿਟ ਬਣਾਏ ਜਾਣੇ ਹਨ ਜਦ ਕਿ ਪਾਵਰ ਹਾਊਸ ਦੋ ਵਿੱਚ ਵੀ 33-33 ਮੈਗਾਵਾਟ ਦੇ ਤਿੰਨ ਯੂਨਿਟ ਅਤੇ 8 ਮੈਗਾਵਾਟ ਦਾ ਇੱਕ ਹੋਰ ਯੂਨਿਟ ਬਣਾਇਆ ਜਾ ਰਿਹਾ ਹੈ। ਭਾਵ ਦੋ ਨੰਬਰ ਪਾਵਰ ਹਾਊਸ ਵਿੱਚ ਚਾਰ ਯੂਨਿਟ ਬਣਾਏ ਜਾ ਰਹੇ ਹਨ। ਦੋਵਾਂ ਪਾਵਰ ਹਾਊਸਾਂ ਤੇ ਫੋਰ ਬੇਅ ਅਤੇ ਪੈਨਸਟਾਕਾਂ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ ਜਦਕਿ ਪਾਵਰ ਹਾਊਸ ਇੱਕ ਅਤੇ ਪਾਵਰ ਹਾਊਸ ਦੋ ਦਾ ਫੋਰਬੇਅ ਤਕਰੀਬਨ ਮੁਕੰਮਲ ਹੋਣ ਦੇ ਨੇੜੇ ਹੈ। ਜਾਣਕਾਰੀ ਅਨੁਸਾਰ ਜਦੋਂ ਇਹ ਸਾਰੇ ਕੰਮ ਮੁਕੰਮਲ ਹੋ ਜਾਣਗੇ ਤਾਂ ਉਸ ਤੋਂ ਬਾਅਦ ਬੀ ਐੱਚ ਈ ਐੱਲ ਕੰਪਨੀ ਵੱਲੋਂ ਬਿਜਲੀ ਬਣਾਉਣ ਲਈ ਪਾਵਰ ਹਾਊਸ ਯੂਨਿਟਾਂ ਵਿੱਚ ਬਿਜਲੀ ਪੈਦਾ ਕਰਨ ਵਾਲੀ ਮਸ਼ੀਨਰੀ ਸਟੇਟਰ, ਰੋਟਰ ਅਤੇ ਇਲੈਕਟਰੋ ਮੈਗਨੈਟਿਕ ਮਸ਼ੀਨਰੀ ਫਿੱਟ ਕੀਤੀ ਜਾਵੇਗੀ। ਇਸ ਨੂੰ ਫਿਟ ਕਰਨ ਵਿੱਚ ਅੱਠ ਮਹੀਨੇ ਦਾ ਸਮਾਂ ਲੱਗੇਗਾ ਪਰ ਅਜੇ ਤੱਕ ਪਾਵਰ ਹਾਊਸ ਦੋ ਵਿੱਚ ਸਿਰਫ ਅੱਠ ਮੈਗਾਵਾਟ ਵਾਲੇ ਯੂਨਿਟ ਵਿੱਚ ਹੀ ਬੀ ਐੱਚ ਈ ਐਲ ਕੰਪਨੀ ਵੱਲੋਂ ਆਪਣਾ ਕੰਮ ਸ਼ੁਰੂ ਕੀਤਾ ਗਿਆ ਹੈ ਜਦ ਕਿ ਦੋਨੋਂ ਪਾਵਰ ਹਾਊਸਾਂ ਦੇ ਬਾਕੀ ਛੇ ਯੂਨਿਟਾਂ ਵਿੱਚ ਅਜੇ ਤੱਕ ਇਹ ਕੰਮ ਸ਼ੁਰੂ ਨਹੀਂ ਕੀਤਾ ਗਿਆ। ਇਸ ਤੋਂ ਸਾਫ ਸਪੱਸ਼ਟ ਹੈ ਕਿ ਇਹ ਕੰਮ ਲਟਕ ਜਾਵੇਗਾ।
ਦੋਨੋਂ ਪਾਵਰ ਹਾਊਸਾਂ ਦਾ ਨਿਰਮਾਣ ਕਾਰਜ ਕਰ ਰਹੀ ਕੰਸਟਰੱਕਸ਼ਨ ਕੰਪਨੀ ਓਮ ਇਨਫਰਾ ਲਿਮਟਿਡ (ਓਮਿਲ) ਦੇ ਜਨਰਲ ਮੈਨੇਜਰ ਸੁਨੀਲ ਸ੍ਰੀਵਾਸਤਵਾ ਦਾ ਕਹਿਣਾ ਸੀ ਕਿ 30 ਜੂਨ ਤੱਕ ਨਹਿਰ ਚਲਾ ਦਿੱਤੀ ਜਾਵੇਗੀ ਅਤੇ ਇਸ ਸਾਲ ਦਸੰਬਰ ਤੱਕ ਪਾਵਰ ਹਾਊਸ ਨੰਬਰ ਦੋ, ਦਾ ਇੱਕ ਯੂਨਿਟ ਚਲਾ ਦਿੱਤਾ ਜਾਵੇਗਾ ਅਤੇ ਬਾਕੀ ਯੂਨਿਟ ਹੌਲੀ-ਹੌਲੀ ਬਾਅਦ ਵਿੱਚ ਮੁਕੰਮਲ ਹੋਣ ’ਤੇ ਚਲਾਏ ਜਾਣਗੇ।

