DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Shaheedi Diwas: ਸ਼ਹੀਦ ਊਧਮ ਸਿੰਘ ਨੂੰ ਭਾਰਤ ਰਤਨ ਦੇਣ ’ਤੇ ਜ਼ੋਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਚੇਅਰ ਬਣਾੳੁਣ ਦੀ ਮੰਗ; ਸ਼ਹੀਦੀ ਦਿਹਾਡ਼ੇ ਮੌਕੇ ੳੂਧਮ ਸਿੰਘ ਨੂੰ ਸ਼ਰਧਾਜਲੀਆਂ

  • fb
  • twitter
  • whatsapp
  • whatsapp
featured-img featured-img
ਸੈਮੀਨਾਰ ਨੂੰ ਸੰਬੋਧਨ ਕਰਦੇ ਮੰਗਤ ਰਾਮ ਪਾਸਲਾ।
Advertisement

ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੀਵਾਨ ਵੱਲੋਂ ਪੰਜਾਬ ਦੇ ਰਾਜਪਾਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸ਼ਹੀਦ ਊਧਮ ਸਿੰਘ ਦੇ ਨਾਮ ਦੀ ਚੇਅਰ ਸਥਾਪਿਤ ਕਰਨ ਅਤੇ ਦੇਸ਼ ਦੇ ਰਾਸ਼ਟਰਪਤੀ ਨੂੰ ਸ਼ਹੀਦ ਊਧਮ ਸਿੰਘ ਨੂੰ ਭਾਰਤ ਰਤਨ ਦਾ ਸਨਮਾਨ ਦੇਣ ਲਈ ਅਪੀਲ ਕੀਤੀ ਹੈ ਤਾਂ ਜੋ ਸ਼ਹੀਦ ਊਧਮ ਸਿੰਘ ਵੱਲੋਂ ਦੇਸ਼ ਲਈ ਦਿੱਤੇ ਅਦੁੱਤੀ ਬਲਿਦਾਨ ਨੂੰ ਬਣਦਾ ਰਾਸ਼ਟਰੀ ਸਨਮਾਨ ਮਿਲ ਸਕੇ। ਉਨ੍ਹਾਂ ਕਿਹਾ ਕਿ ਉਕਤ ਮੰਗਾਂ ਸਬੰਧੀ ਦੀਵਾਨ ਵੱਲੋਂ ਰਾਜਪਾਲ ਤੇ ਰਾਸ਼ਟਰਪਤੀ ਨੂੰ ਲਿਖਤੀ ਰੂਪ ’ਚ ਅਪੀਲ ਗਈ ਹੈ।

ਇਸ ਤੋਂ ਪਹਿਲਾਂ ਚੀਫ਼ ਖ਼ਾਲਸਾ ਦੀਵਾਨ ਵੱਲੋਂ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਹੀਦ ਊਧਮ ਸਿੰਘ ਦੇ 86ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਇਸ ਮੌਕੇ ਦੀਵਾਨ ਪ੍ਰਬੰਧਕਾਂ ਅਤੇ ਮੈਂਬਰਾਂ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸ੍ਰੀ ਸੁਖਮਨੀ ਸਾਹਿਬ ਦੇ ਪਾਠ ਮਗਰੋਂ ਯਤੀਮਖਾਨੇ ਦੇ ਬੱਚਿਆਂ ਨੇ ਕੀਰਤਨ ਕੀਤਾ। ਉੱਘੇ ਸਿੱਖ ਚਿੰਤਕ ਅਤੇ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਆਪਣੇ ਜੀਵਨ ਦੇ 12 ਸਾਲ ਇਸੇ ਯਤੀਮਖਾਨਾ ਵਿਖੇ ਬਿਤਾਏ ਸਨ। ਉਨ੍ਹਾਂ ਦੀ ਜਬਰ-ਜ਼ੁਲਮ ਅੱਗੇ ਨਾ ਝੁੱਕਣ ਵਾਲੀ ਵਿਲਖਣ ਸ਼ਖ਼ਸੀਅਤ ਅਤੇ ਚਰਿੱਤਰ ਨਿਰਮਾਣ ਵਿਚ ਯਤੀਮਖ਼ਾਨੇ ਦੀ ਅਹਿਮ ਭੂਮਿਕਾ ਹੈ।

Advertisement

ਮੁੱਖ ਮਹਿਮਾਨ ਕੰਬੋਜ ਸਭਾ ਦੇ ਪ੍ਰਧਾਨ ਡਾ. ਅਵਤਾਰ ਸਿੰਘ (ਐੱਮ ਡੀ ਅਮਨਦੀਪ ਹਸਪਤਾਲ) ਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਹੀਦ ਊਧਮ ਸਿੰਘ ਫਾਊਂਡੇਸ਼ਨ ਦੇ ਪ੍ਰਧਾਨ ਦੀਪ ਸਿੰਘ ਕੰਬੋਜ ਨੇ ਨੌਜੁਆਨ ਪੀੜ੍ਹੀ ਨੂੰ ਸ਼ਹੀਦ ਊਧਮ ਸਿੰਘ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਹਾਜ਼ਰੀਨ ਨੇ ਯਤੀਮਖਾਨੇ ਦੇ ਸ਼ਹੀਦ ਊਧਮ ਸਿੰਘ ਮਿਊਜ਼ੀਅਮ ਵਿੱਚ ਸ਼ਹੀਦ ਊਧਮ ਸਿੰਘ ਨਾਲ ਸਬੰਧਤ ਦੁਰਲਭ ਤਸਵੀਰਾਂ, ਹਾਜ਼ਰੀ ਰਿਕਾਰਡ ਤੇ ਹੋਰ ਵਸਤਾਂ ਦੇਖੀਆਂ। ਇਸ ਮੌਕੇ ਯਤੀਮਖ਼ਾਨਾ ਮੈਂਬਰ ਇੰਚਾਰਜ ਡਾ. ਆਤਮਜੀਤ ਸਿੰਘ ਬਸਰਾ, ਦੀਵਾਨ ਦੇ ਸਥਾਨਕ ਪ੍ਰਧਾਨ ਕੁਲਜੀਤ ਸਿੰਘ ਸਾਹਨੀ ਸਣੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।

Advertisement

ਅੰਮ੍ਰਿਤਸਰ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਿਆਂਵਾਲਾ ਬਾਗ ਦੇ ਬਾਹਰ ਸਥਿਤ ਉਨ੍ਹਾਂ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਐੱਸ ਡੀ ਐੱਮ ਅੰਮ੍ਰਿਤਸਰ-1 ਅਲਕਾ ਕਾਲੀਆ ਅਤੇ ਜਲਿਆਂਵਾਲਾ ਬਾਗ ਸ਼ਹੀਦੀ ਸਮਾਰਕ ਦੇ ਸੈਕਟਰੀ ਐੱਸ ਕੇ ਮੁਖਰਜੀ ਨੇ ਮਹਾਨ ਕ੍ਰਾਂਤੀਕਾਰੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਐੱਸ ਡੀ ਐੱਮ ਕਾਲੀਆ ਨੇ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਦੇ ਸਾਕਾ ਦਾ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਕੁਰਬਾਨੀ ਇਤਿਹਾਸ ਦਾ ਸੁਨਹਿਰੀ ਅਧਿਆਏ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਦੇਸ਼ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਮੌਕੇ ਜੱਲ੍ਹਿਆਂਵਾਲਾ ਬਾਗ ਸ਼ਹੀਦੀ ਸਮਾਰਕ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਸੈਂਟਰਲ ਖ਼ਾਲਸਾ ਯਤੀਮਖ਼ਾਨਾ ਵਿੱਚ ਸਮਾਗਮ

ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਸੈਂਟਰਲ ਖ਼ਾਲਸਾ ਯਤੀਮਖ਼ਾਨਾ, ਪੁਤਲੀਘਰ ਅੰਮ੍ਰਿਤਸਰ ਵਿਖੇ ਅੱਜ ਟਰਬਨੇਟਰ ਗਰੁੱਪ ਦੇ ਪ੍ਰਧਾਨ ਜਗਦੀਪ ਸਿੰਘ ਪੁਰੀ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸ਼ਹੀਦ ਊਧਮ ਸਿੰਘ ਜੀ ਨੂੰ ਭਾਵਪੂਰਵਕ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਤਸਵੀਰ ’ਤੇ ਫੁੱਲਾਂ ਦੇ ਹਾਰ ਅਰਪਿਤ ਕੀਤੇ ਗਏ। ਸਮਾਗਮ ਦੌਰਾਨ ਯਤੀਮਖ਼ਾਨਾ ਦੇ ਬੱਚਿਆਂ ਵੱਲੋਂ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਨੂੰ ਸਮਰਪਿਤ ਕਵਿਤਾਵਾਂ ਅਤੇ ਦੇਸ਼-ਭਗਤੀ ਭਰਪੂਰ ਪੇਸ਼ਕਾਰੀਆਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ। ਹਾਜ਼ਰ ਮਹਿਮਾਨਾਂ ਨੇ ਬੱਚਿਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ। ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਸ਼ਹੀਦ ਊਧਮ ਸਿੰਘ ਜੀ ਨੇ ਸਾਲ 1907 ਤੋਂ 1919 ਤੱਕ ਸੈਂਟਰਲ ਖ਼ਾਲਸਾ ਯਤੀਮਖ਼ਾਨਾ ਵਿੱਚ ਰਹਿ ਕੇ ਸਿੱਖਿਆ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਸ਼ਹੀਦਾਂ ਦੇ ਜੀਵਨ ਅਤੇ ਕੁਰਬਾਨੀਆਂ ਨਾਲ ਜੁੜੇ ਇਤਿਹਾਸਕ ਤੱਥ ਸਾਂਝੇ ਕਰਦਿਆਂ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਦੇਸ਼ ਅਤੇ ਸਮਾਜ ਦੀ ਸੇਵਾ ਲਈ ਅੱਗੇ ਆਉਣ ਦਾ ਸੱਦਾ ਦਿੱਤਾ।

ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਐਲਾਨਣ ਦੀ ਮੰਗ

ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਗੜ੍ਹਸ਼ੰਕਰ ਵੱਲੋਂ ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਦਿਹਾੜੇ ’ਤੇ ਵਿਚਾਰ ਚਰਚਾ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਡੀ ਟੀ ਐੱਫ ਆਗੂ ਭੁਪਿੰਦਰ ਸਿੰਘ ਸੜੋਆ, ਮੈਡਮ ਖੁਸ਼ਿਵੰਦਰ ਕੌਰ ਅਤੇ ਕਿਸਾਨ ਆਗੂ ਸ਼ਮਸ਼ੇਰ ਸਿੰਘ ਚੱਕ ਸਿੰਘਾਂ ਨੇ ਕੀਤੀ। ਬੁਲਾਰਿਆਂ ਮੁਕੇਸ਼ ਕੁਮਾਰ, ਸੁਖਦੇਵ ਡਾਨਸੀਵਾਲ, ਤਰਕਸ਼ੀਲ ਸੁਸਾਇਟੀ ਪੰਜਾਬ ਸੂਬਾਈ ਆਗੂ ਜੋਗਿੰਦਰ ਸਿੰਘ, ਕਿਸਾਨ ਆਗੂ ਹਰਮੇਸ਼ ਸਿੰਘ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਸ਼ਹੀਦ ਊਧਮ ਸਿੰਘ ਨੂੰ ਕੌਮੀ ਸ਼ਹੀਦ ਐਲਾਨਿਆ ਜਾਵੇ। ਉਨ੍ਹਾਂ ਨਾਲ ਸਬੰਧਤ ਦੇਸ਼-ਵਿਦੇਸ਼ ਵਿੱਚ ਪਈਆਂ ਯਾਦਗਾਰੀ ਵਸਤਾਂ ਲਿਆ ਕੇ ਸੁਨਾਮ ਵਿਖੇ ਬਣਾਏ ਅਜਾਇਬ ਘਰ ਵਿੱਚ ਰੱਖੀਆਂ ਜਾਣ, ਸ਼ਹੀਦ ਊਧਮ ਸਿੰਘ ਦੇ ਨਾਮ ’ਤੇ ਅਸਲੀ ਫੋਟੋ ਵਾਲਾ ਡਾਕ ਟਿਕਟ ਜਾਰੀ ਕਰਨ ਸਣੇ ਸ਼ਹੀਦ ਊਧਮ ਸਿੰਘ ਦੇ ਘਰ ਦੀ ਸੰਭਾਲ ਸਹੀ ਢੰਗ ਨਾਲ ਕੀਤੀ ਜਾਵੇ।

ਨੌਜਵਾਨ ਭਾਰਤ ਸਭਾ ਵੱਲੋਂ ਮੋਟਰਸਾਈਕਲ ਮਾਰਚ

ਨਕੋਦਰ (ਗੁਰਮੀਤ ਸਿੰਘ ਖੋਸਲਾ): ਨੌਜਵਾਨ ਭਾਰਤ ਸਭਾ ਨੇ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਨਕੋਦਰ ਸ਼ਹਿਰ ਵਿਚ ਮੋਟਰਸਾਈਕਲ ਮਾਰਚ ਕਰਕੇ ਦਿੱਲੀ ਵਿਚ ਨੌਜਵਾਨਾਂ ਤੇ ਦਰਜ ਕੀਤੇ ਝੂਠੇ ਪਰਚੇ ਰੱਦ ਕਰਨ ਦੀ ਮੰਗ ਕੀਤੀ। ਸਭਾ ਦੇ ਸੂਬਾ ਮੀਤ ਪ੍ਰਧਾਨ ਮੰਗਲਜੀਤ ਪੰਡੋਰੀ ਅਤੇ ਜ਼ਿਲ੍ਹਾ ਸਕੱਤਰ ਸੋਨੂੰ ਲੋਹੀਆਂ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਨੇ ਬ੍ਰਿਟਿਸ਼ ਸਾਮਰਾਜ ਵਲੋਂ ਕੀਤੀ ਜਾ ਰਹੀ ਅੰਨੀਂ ਲੁੱਟ ਅਤੇ ਲੋਕਾਂ ਤੇ ਕੀਤੇ ਜਾ ਰਹੇ ਜ਼ਬਰ ਵਿਰੁੱਧ ਆਪਣੀ ਜ਼ਿੰਦਗੀ ਕੁਰਬਾਨ ਕੀਤੀ ਸੀ। ਪਰ ਕੇਂਦਰ ਦੀ ਮੋਦੀ ਹਕੂਮਤ ਉਸੇ ਸਾਮਰਾਜ ਅੱਗੇ ਝੁਕੀ ਪਈ ਹੈ। ਦੇਸ਼ ਦਾ ਨੌਜਵਾਨ ਵਰਗ ਚੰਗੇ ਭਵਿੱਖ ਦੀ ਆਸ ਲਈ ਸੜਕਾਂ ’ਤੇ ਰੁਲ ਰਿਹਾ ਹੈ। ਹੱਕ ਦੀ ਗੱਲ ਕਰਨ ਵਾਲੇ ਨੌਜਵਾਨਾਂ ਨੂੰ ਲਾਠੀਆਂ ਤੇ ਗੋਲੀਆਂ ਨਾਲ ਨਿਵਾਜਿਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਅਤੇ ਰੁਜ਼ਗਾਰ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ।

ਆਰ ਐੱਮ ਪੀ ਆਈ ਵੱਲੋਂ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਸੈਮੀਨਾਰ

ਤਰਨ ਤਾਰਨ (ਗੁਰਬਖਸ਼ਪੁਰੀ): ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ.) ਵੱਲੋਂ ਗੰਢਿਆਂ ਵਾਲੀ ਧਰਮਸ਼ਾਲਾ ਵਿਖੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ (ਰਾਮ ਮੁਹੰਮਦ ਸਿੰਘ ਆਜ਼ਾਦ) ਦਾ ਸ਼ਹੀਦੀ ਦਿਹਾੜਾ ਸੈਮੀਨਾਰ ਕਰਵਾ ਕੇ ਮਨਾਇਆ ਗਿਆ। ਸੈਮੀਨਾਰ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ‘ਸਾਮਰਾਜ ਅਤੇ ਫਿਰਕੂ-ਫਾਸ਼ੀਵਾਦ ਵੱਲੋਂ ਦਰਪੇਸ਼ ਖ਼ਤਰੇ ਤੇ ਭਾਰਤੀ ਲੋਕ’ ਵਿਸ਼ੇ ’ਤੇ ਕੁੰਜੀਵਤ ਭਾਸ਼ਣ ਦਿੱਤਾ, ਜਦਕਿ ਰਾਜ ਕਮੇਟੀ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਸੂਬੇ ਦੀ ਮੌਜੂਦਾ ਸਥਿਤੀ ’ਤੇ ਵਿਚਾਰ ਰੱਖੇ। ਬੁਲਾਰਿਆਂ ਨੇ ਸ਼ਹੀਦ ਊਧਮ ਸਿੰਘ ਦੀ ਲੋਕ-ਪੱਖੀ ਸੋਚ ਅਤੇ ਕੁਰਬਾਨੀ ਨੂੰ ਯਾਦ ਕਰਦਿਆਂ ਨੌਜਵਾਨਾਂ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਦਾ ਸੱਦਾ ਦਿੱਤਾ। ਸਾਥੀ ਪਾਸਲਾ ਨੇ ਅਮਰੀਕੀ ਸਾਮਰਾਜ ਅਤੇ ਫਿਰਕੂ ਤਾਕਤਾਂ ਨੂੰ ਲੋਕਤੰਤਰ, ਸੰਘੀ ਢਾਂਚੇ ਤੇ ਭਾਈਚਾਰਕ ਸਾਂਝ ਲਈ ਵੱਡਾ ਖ਼ਤਰਾ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਹਕੂਮਤ ਤਾਨਾਸ਼ਾਹੀ ਵੱਲ ਵਧ ਰਹੀ ਹੈ ਅਤੇ ਕਿਹਾ ਕਿ ਸਾਮਰਾਜਵਾਦ ਤੇ ਫਿਰਕੂ-ਫਾਸ਼ੀਵਾਦ ਤੋਂ ਮੁਕਤੀ ਲਈ ਦੇਸ਼ ਵਾਸੀਆਂ ਨੂੰ ਇੱਕ ਹੋਰ ਆਜ਼ਾਦੀ ਸੰਗਰਾਮ ਲੜਨਾ ਪਵੇਗਾ। ਇਸ ਮੌਕੇ ਮੁਖਤਿਆਰ ਸਿੰਘ ਮੱਲ੍ਹਾ, ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੌਲ, ਕੁਲਦੀਪ ਸਿੰਘ ਮਾਣੋਚਾਹਲ ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਅੱਜ ਸ਼ੇਰੋਂ ਖੰਡ ਮਿੱਲ ਮੋਰਚੇ ਤੇ ਸੰਯੁਕਤ ਕਿਸਾਨ ਮੋਰਚੇ ਵਿੱਚ ਭਾਰਤ ਦੀ ਆਜ਼ਾਦੀ ਦੇ ਮਹਾਨ ਸਪੂਤ ਸ਼ਹੀਦ ਊਧਮ ਸਿੰਘ ਉਰਫ਼ ਰਾਮ ਮੁਹੰਮਦ ਸਿੰਘ ਆਜ਼ਾਦ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਦਿਆਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮਝਣ ਤੇ ਅਪਣਾਉਣ ਬਾਰੇ ਕਿਸਾਨ ਆਗੂਆਂ ਵਿਚਾਰ ਰੱਖੇ। ਆਗੂਆਂ ਕਿਹਾ ਕਿ ਸ਼ਹੀਦ ਊਧਮ ਸਿੰਘ ਦੇ ਕ੍ਰਾਂਤੀਕਾਰੀ ਵਿਚਾਰ ਤੇ ਸਮਾਜਵਾਦੀ ਫ਼ਲਸਫ਼ਾ ਸਾਡਾ ਰਾਹ ਦਸੇਰਾ ਹੈ। ਜੇਕਰ ਅੱਜ ਮਿਹਨਤਕਸ਼ ਜਨਤਾ ਨੇ ਕਾਰਪੋਰੇਟ ਘਰਾਣਿਆਂ ਦੇ ਸੰਗਲਾਂ ਚੋਂ ਬਾਹਰ ਆ ਕੇ ਅਸਲੀ ਆਰਥਿਕ ਅਤੇ ਸਮਾਜਿਕ ਅਜ਼ਾਦੀ ਦਾ ਨਿੱਘ ਮਾਣਨਾ ਹੈ ਤਾਂ ਸਾਨੂੰ ਉਨ੍ਹਾਂ ਦੇ ਵਿਚਾਰਾਂ ਤੇ ਪਹਿਰਾ ਦਿੰਦਿਆਂ ਮਿਹਨਤਕਸ਼ ਲੋਕਾਂ ਵਾਸਤੇ ਵਿਸ਼ਾਲ ਸਾਂਝੇ ਸੰਘਰਸ਼ ਕਰਨੇ ਪੈਣਗੇ।

ਸੈਮੀਨਾਰ ਨੂੰ ਸੰਬੋਧਨ ਕਰਦੇ ਮੰਗਤ ਰਾਮ ਪਾਸਲਾ।
ਸੈਮੀਨਾਰ ਨੂੰ ਸੰਬੋਧਨ ਕਰਦੇ ਮੰਗਤ ਰਾਮ ਪਾਸਲਾ।
Advertisement
×