
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਮਲਕੀਅਤ ਸਿੰਘ
ਹਤਿੰਦਰ ਮਹਿਤਾ
ਜਲੰਧਰ, 23 ਮਾਰਚ
ਦਿਹਾਤੀ ਪੁਲੀਸ ਦੀ ਕ੍ਰਾਇਮ ਬ੍ਰਾਂਚ ਟੀਮ ਨੇ ਨਕੋਦਰ ਇਲਾਕੇ ਵਿੱਚ ਫਿਰੌਤੀ ਮੰਗਣ ਵਾਲੇ ਅਮਨ ਮਾਲੜੀ ਗਰੋਹ ਦੇ 7 ਮੈਂਬਰਾਂ ਨੂੰ ਫਿਰੌਤੀ ਦੇ 25 ਲੱਖ ਰੁਪਏ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਐੱਸਐੱਸਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਨਕੋਦਰ ਇਲਾਕੇ ਵਿਚ ਡਰ ਦਾ ਮਾਹੌਲ ਬਣਾ ਕੇ ਫਿਰੌਤੀ ਮੰਗਣ ਦੀਆਂ ਸ਼ਿਕਾਇਤਾਂ ਆ ਰਹੀਆਂ ਸਨ। ਜਿਸ ’ਤੇ ਕਾਰਵਾਈ ਕਰਦੇ ਹੋਏ ਐੱਸਪੀ (ਤਫਤੀਸ਼) ਸਰਬਜੀਤ ਸਿੰਘ ਬਾਹੀਆ, ਡੀਐੱਸਪੀ ਹਰਜੀਤ ਸਿੰਘ ਅਤੇ ਕ੍ਰਾਇਮ ਬ੍ਰਾਂਚ ਦੇ ਇੰਚਾਰਜ ਪੁਸ਼ਪ ਬਾਲੀ ਅਤੇ ਸੀਆਈਏ ਸਟਾਫ ਦੀ ਟੀਮ ਬਣਾ ਕੇ ਫਿਰੌਤੀ ਦੀਆਂ ਕਾਲਾਂ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਅਮਨ ਮਾਲੜੀ ਨਾਮਕ ਨੌਜਵਾਨ ਇਲਾਕੇ ਵਿਚ ਡਰ ਦਾ ਮਾਹੌਲ ਬਣਾ ਕੇ ਲੋਕਾਂ ਤੋਂ ਫਿਰੌਤੀਆਂ ਦੀ ਮੰਗ ਕਰ ਰਿਹਾ ਹੈ ਅਤੇ ਉਸ ਦੇ ਤਾਰ ਜੇਲ੍ਹਾਂ ਵਿਚ ਅਤੇ ਬਾਹਰ ਬੈਠੇ ਉਸ ਦੇ ਗਰੋਹ ਮੈਂਬਰਾਂ ਨਾਲ ਜੁੜੇ ਹਨ। ਇਸ ਮਗਰੋਂ ਪੁਲੀਸ ਨੇ ਟਿਮੀ ਚਾਵਲਾ ਅਤੇ ਸਿਪਾਹੀ ਮਨਦੀਪ ਸਿੰਘ ਕਤਲ ਕੇਸ ਦੇ 5 ਮੁਲਜ਼ਮਾਂ ਗੁਰਵਿੰਦਰ ਸਿੰਘ ਉਰਫ ਗਿੰਦਾ, ਅਕਾਸ਼ਦੀਪ ਸਿੰਘ ਉਰਫ ਚੱਠਾ, ਗਗਨ ਗਿੱਲ, ਅਮਰੀਕ ਸਿੰਘ ਅਤੇ ਹਰਦੀਪ ਸਿੰਘ ਨੂੰ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਰੰਟ ’ਤੇ ਲਿਆਂਦਾ ਅਤੇ ਇਨ੍ਹਾਂ ਪਾਸੋਂ ਜੇਲ੍ਹ ਵਿਚ ਬਰਾਮਦ ਹੋਏ ਮੋਬਾਈਲਾਂ ਬਾਰੇ ਪੁੱਛ-ਗਿੱਛ ਕੀਤੀ ਗਈ। ਪੁੱਛ-ਪੜਤਾਲ ਦੌਰਾਨ ਇਨ੍ਹਾਂ ਨੇ ਦੱਸਿਆ ਕਿ ਅਮਨਦੀਪ ਸਿੰਘ ਉਰਫ ਅਮਨ ਪੁਰੇਵਾਲ ਪੁੱਤਰ ਚਰਨਜੀਤ ਸਿੰਘ ਵਾਸੀ ਮਾਲੜੀ ਜੋ ਕਿ ਨਕੋਦਰ ਦੋਹਰੇ ਕਤਲ ਕਾਂਡ ਦਾ ਮਾਸਟਰ ਮਾਇੰਡ ਹੈ ਤੇ ਉਸ ਨੇ ਇਸ ਇਲਾਕੇ ਵਿਚ ਡਰ ਦਾ ਮਾਹੌਲ ਬਣਾਇਆ ਹੈ। ਉਨ੍ਹਾਂ ਮੰਨਿਆ ਕਿ ਅਮਨ ਲੋਕਾਂ ਨੂੰ ਅਮਰੀਕਾ ਤੋਂ ਵੱਖ ਵੱਖ ਨੰਬਰਾਂ ’ਤੇ ਫੋਨ ਕਰਕੇ ਰਿੰਦਾ ਸਿੰਧੂ ਲਾਹੌਰ ਦਾ ਡਰ ਦਿਖਾ ਕੇ ਲੋਕਾਂ ਤੋਂ ਫਿਰੌਤੀਆਂ ਮੰਗਦਾ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਸਰੋਵਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਪਿੰਡ ਚੋਟੀਆਂ ਸ੍ਰੀ ਮੁਕਤਸਰ ਹੁਣ ਅਮਨ ਦਾ ਕੰਮ ਦੇਖਦਾ ਹੈ।
ਉਨ੍ਹਾਂ ਦੱਸਿਆ ਕਿ ਨਕੋਦਰ ਦੇ ਵਪਾਰੀ ਇਕਬਾਲ ਸਿੰਘ ਤੋਂ ਇਸ ਗੈਂਗ ਨੇ 40 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਤੇ ਇਨ੍ਹਾਂ ਨੂੰ ਉਸ ਵਿਚੋਂ 25 ਲੱਖ ਰੁਪਏ ਮਿਲ ਵੀ ਗਏ ਸਨ। ਇਸ ਸਬੰਧ ਵਿਚ ਪੁਲੀਸ ਨੇ ਉਕਤ ਗਰੋਹ ਦੇ ਮੈਂਬਰ ਤਰਸੇਮ ਸੇਠੀ ਵਾਸੀ ਬੇਗੋਵਾਲ ਦੇ ਘਰ ਛਾਪਾ ਮਾਰ ਕੇ ਉਸ (ਅਮਨ) ਨੂੰ ਅਤੇ ਸਰੋਵਰ ਸਿੰਘ ਨੂੰ ਨੂੰ ਕਾਬੂ ਕਰ 25 ਲੱਖ ਰੁਪਏ ਬਰਾਮਦ ਕਰ ਲਏ ਹਨ। ਜਾਣਕਾਰੀ ਅਨੁਸਾਰ ਪੁਲੀਸ ਨੇ ਅਦਾਲਤ ਤੋਂ ਮੁਲਜ਼ਮਾਂ ਦਾ ਇਕ ਦਾ ਰਿਮਾਂਡ ਹਾਸਲ ਕਰ ਲਿਆ ਹੈ ਤੇ ਹੁਣ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ