Seechewal Sports Festival: ਕਬੱਡੀ ਓਪਨ ਵਰਗ ਦੇ ਫਾਈਨਲ ਵਿੱਚ ਸੀਚੇਵਾਲ ਜੇਤੂ
ਅਮਿੱਟ ਯਾਦਾਂ ਛੱਡਦਾ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸਮਾਪਤ; ਜੇਤੂਆਂ ਦਾ ਸਨਮਾਨ
ਸੰਤ ਅਵਤਾਰ ਸਿੰਘ ਦੀ 38ਵੀਂ ਬਰਸੀ ਨੂੰ ਸਮਰਪਿਤ ਪਿੰਡ ਸੀਚੇਵਾਲ ਵਿੱਚ ਕਰਵਾਇਆ ਪੰਜ ਰੋਜ਼ਾ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ। ਪੰਜ ਦਿਨ ਚੱਲੇ ਇਸ ਖੇਡ ਮਹਾਂਕੁੰਭ ਵਿੱਚ 250 ਤੋਂ ਵੱਧ ਟੀਮਾਂ ਅਤੇ ਢਾਈ ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਖੇਡ ਮੇਲੇ ਦੇ ਆਖ਼ਰੀ ਦਿਨ ਕਬੱਡੀ ਓਪਨ ਵਰਗ ਦੇ ਫਾਈਨਲ ਮੁਕਾਬਲੇ ’ਚ ਸੀਚੇਵਾਲ ਨੇ ਪਹਿਲਾ ਤੇ ਬਾਬਾ ਸੁਖਚੈਨ ਦਾਸ ਸਪੋਰਟਸ ਕਲੱਬ ਬਾਜਵਾ ਕਲਾਂ ਨੇ ਦੂਜਾ ਅਤੇ 70 ਕਿਲੋ ਭਾਰ ਵਰਗ ਦੇ ਵਿੱਚ ਸੀਚੇਵਾਲ ਨੇ ਪਹਿਲਾ ਅਤੇ ਸਾਬੀ ਕਲੱਬ ਮੱਲੀਆਂ ਨੇ ਦੂਜਾ, 45 ਕਿਲੋ ਭਾਰ ਵਰਗ ’ਚ ਸੀਚੇਵਾਲ ਨੇ ਪਹਿਲਾ ਤੇ ਬਾਬਾ ਘੁੰਮਣ ਕਲੱਬ ਫ਼ਰੀਦਕੋਟ ਨੇ ਦੂਜਾ ਅਤੇ 30 ਕਿਲੋ ਭਾਰ ਵਰਗ ’ਚ ਫ਼ਤਹਿਗੜ੍ਹ ਸਾਹਿਬ ਦੀ ਟੀਮ ਨੇ ਪਹਿਲਾ ਅਤੇ ਮਾਧੋਪੁਰ-ਜੱਲੋਵਾਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਵਾਲੀਬਾਲ 55 ਕਿਲੋ ਭਾਰ ਵਰਗ ਵਿੱਚ ਭੋਜੋਵਾਲ ਦੀ ਟੀਮ ਪਹਿਲੇ ਅਤੇ ਕੋਟ ਖ਼ਾਲਸਾ (ਅੰਮ੍ਰਿਤਸਰ) ਦੀ ਟੀਮ ਦੂਜੇ ਅਤੇ ਓਪਨ ਵਾਲੀਬਾਲ ਦੇ ਮੁਕਾਬਲੇ ’ਚ ਧਾਲੀਵਾਲ ਬੇਟ ਦੀ ਟੀਮ ਪਹਿਲੇ ਅਤੇ ਕਾਲਾ ਸੰਘਿਆ ਦੀ ਟੀਮ ਦੋਇਮ ਰਹੀ। ਇਸ ਮੌਕੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਬੋਧਨ ਕਰਦਿਆਂ ਖਿਡਾਰੀਆਂ ਨੂੰ ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਸੰਤ ਅਵਤਾਰ ਸਿੰਘ ਦੀ ਯਾਦ ਵਿੱਚ ਕਰਵਾਇਆ ਖੇਡ ਮੇਲਾ ਹੁਣ ‘ਖਿਡਾਰੀਆਂ ਦਾ ਮੇਲਾ’ ਬਣ ਚੁੱਕਾ ਹੈ। ਇਸ ਵਿੱਚ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਟੀਮਾਂ ਹਿੱਸਾ ਲੈਣ ਲਈ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੇਲਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ।
ਇਸ ਮੌਕੇ ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਮੇਜ਼ ਸਿੰਘ ਸੈਦਰਾਣਾ, ਸੰਤ ਗੁਰਚਰਨ ਸਿੰਘ ਪਾਂਡਵਾ, ‘ਆਪ’ ਦੇ ਹਲਕਾ ਇੰਚਾਰਜ ਇੰਦਰ ਪੰਡੋਰੀ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸੁਰਜੀਤ ਸਿੰਘ ਸੰਟੀ, ਸਰਪੰਚ ਜੋਗਾ ਸਿੰਘ, ਸਰਪੰਚ ਬੂਟਾ ਸਿੰਘ, ਤਜਿੰਦਰ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਕੋਚ ਗੁਰਬੀਰ ਢਿੱਲੋਂ ਸਣੇ ਕਈ ਸ਼ਖ਼ਸੀਅਤਾਂ ਹਾਜ਼ਰ ਸਨ।

