ਸੈਕਟਰ 69 ਵਾਸੀ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ

ਸੈਕਟਰ 69 ਵਾਸੀ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ

ਸੈਕਟਰ-69 ਦੀ ਪਾਰਕਿੰਗ ਅਤੇ ਸਰਵਿਸ ਰੋਡ ’ਤੇ ਪਿਆ ਕੂਡ਼ਾ।

ਟ੍ਰਿਬਿਊਨ ਨਿਊਜ਼ ਸਰਵਿਸ
ਐਸਏਐਸ ਨਗਰ (ਮੁਹਾਲੀ), 1 ਜੁਲਾਈ 

ਸੈਕਟਰ 69 ਦੇ ਵਸਨੀਕ ਗਰੇਸ਼ੀਅਨ ਹਸਪਤਾਲ ਅਤੇ ਪਿੰਡ ਕੁੰਭੜਾ ਦੇ ਸਾਹਮਣੇ ਪਾਰਕਿੰਗ ਅਤੇ ਸਰਵਿਸ ਰੋਡ ਉੱਤੇ ਲੱਗੇ ਹੋਏ ਕੂੜੇ ਦੇ ਢੇਰਾਂ ਤੋਂ ਬੇਹੱਦ ਪ੍ਰੇਸ਼ਾਨ। ਅਣਅਧਿਕਾਰਤ ਥਾਵਾਂ ਉੱਤੇ ਖੁੱਲ੍ਹੇ ਵਿੱਚ ਸੁੱਟੇ ਜਾਂਦੇ ਕੂੜੇ ਦੀ ਬਦਬੂ ਕਾਰਨ ਰਿਹਾਇਸ਼ੀ ਖੇਤਰਾਂ ਦੇ ਵਸਨੀਕਾਂ ਨੂੰ ਭਾਰੀ ਔਖਿਆਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਸਥਾਨਿਕ ਵਸਨੀਕਾਂ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਕੂੜੇ ਦੇ ਢੇਰਾਂ ਦੀ ਸਫ਼ਾਈ ਕਰਾਉਣ ਅਤੇ ਕੂੜਾ ਸੁੱਟਣ ’ਤੇ ਰੋਕ ਲਾਏ ਜਾਣ ਦੀ ਮੰਗ ਕੀਤੀ ਹੈ। ਸਥਾਨਿਕ ਵਸਨੀਕਾਂ ਨੇ ਦੱਸਿਆ ਕਿ ਇੱਥੇ ਪਾਰਕਿੰਗ ਅਤੇ ਸਰਵਿਸ ਰੋਡ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇੱਥੇ ਰੇਹੜੀਆਂ ਵਾਲਿਆਂ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਵੀ ਕੂੜਾ ਸੁੱਟਿਆ ਜਾਂਦਾ ਹੈ ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ। ਕੂੜੇ ਦੇ ਢੇਰਾਂ ਕਾਰਨ ਬਦਬੂ ਆਊਂਦੀ ਰਹਿੰਦੀ ਹੈ ਤੇ ਬਿਮਾਰੀਆਂ ਫੈ਼ਲਣ ਦਾ ਵੀ ਡਰ ਬਣਿਆ ਹੋਇਆ ਹੈ।

ਮੁਹੱਲਾ ਵਾਸੀਆਂ ਨੇ ਦੱਸਿਆ ਕਿ ਇੱਥੇ ਵੱਡੀ ਪੱਧਰ ’ਤੇ ਰੇਹੜੀਆਂ ਵਾਲੇ ਖੜ੍ਹਦੇ ਹਨ ਤੇ ਸਮਾਜਿਕ ਦੂਰੀ ਦੇ ਨਿਯਮ ਦਾ ਵੀ ਧਿਆਨ ਨਹੀਂ ਰੱਖਿਆ ਜਾਂਦਾ। ਉਨ੍ਹਾਂ ਦੱਸਿਆ ਕਿ ਇੱਥੇ ਵੱਡੀ ਮਾਤਰਾ ਵਿੱਚ ਭੰਗ ਅਤੇ ਕਾਂਗਰਸ ਘਾਹ ਵੀ ਉੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਕਿੰਗ ਅਤੇ ਸਰਵਿਸ ਰੋਡ ਉੱਤੇ ਪੈ ਰਹੀ ਗੰਦਗੀ ਕਾਰਨ ਇੱਥੇ ਆਉਣ ਜਾਣ ਵਾਲੇ ਲੋਕ ਵੀ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਨਿਗਮ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਮੁੱਹਲਾ ਵਾਸੀਆਂ ਨੇ ਮੰਗ ਕੀਤੀ ਕਿ ਗੰਦਗੀ ਦੇ ਢੇਰਾਂ ਅਤੇ ਘਾਹ-ਫੂਸ ਦੀ ਤੁਰੰਤ ਸਫ਼ਾਈ ਕਰਾਈ ਜਾਵੇ। ਉਨ੍ਹਾਂ ਇੱਥੇ ਖੜਦੀਆਂ ਅਣਅਧਿਕਾਰਤ ਰੇਹੜੀਆਂ ਨੂੰ ਵੀ ਬੰਦ ਕਰਾਉਣ ਦੀ ਮੰਗ ਕੀਤੀ ਤੇ ਗੰਦਗੀ ਸੁੱਟਣ ਉੱਤੇ ਸਖ਼ਤੀ ਨਾਲ ਰੋਕ ਲਾਏ ਜਾਣ ਦੀ ਮੰਗ ਕੀਤੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All