ਸਕੂਲੀ ਬੱਸ ਖੱਡੇ ਵਿੱਚ ਡਿੱਗੀ
ਜਾਣਕਾਰੀ ਅਨੁਸਾਰ ਰਾਹਗੀਰਾਂ ਲਈ ਸਿਰਦਰਦੀ ਬਣੀ ਇਸ ਸੜਕ ’ਤੇ ਸ਼ਹਿਰ ਵਿਚਲੇ 400 ਮੀਟਰ ਖੇਤਰ ਵਿਚ ਸੀਵਰੇਜ ਪਾਉਣ ਦਾ ਕੰਮ ਕਰੀਬ ਮਹੀਨਾ ਪਹਿਲਾਂ ਮੁਕੰਮਲ ਹੋ ਚੁੱਕਾ ਹੈ ਪਰ ਮੰਡੀ ਬੋਰਡ ਦੇ ਅਧਿਕਾਰੀਆਂ ਦੀ ਕੰਮ ਕਰਨ ਦੀ ਕਥਿਤ ਸੁਸਤ ਚਾਲ ਅਤੇ ਲਾਪਰਵਾਹੀ ਕਰਕੇ ਸੜਕ ਵਿਚਕਾਰ ਵੱਡੇ-ਵੱਡੇ ਟੋਏ ਪੁੱਟੇ ਹੋਏ ਹਨ। ਇਸ ਕਾਰਨ ਇਥੇ ਨਿੱਤ-ਦਿਨ ਹਾਦਸੇ ਵਾਪਰ ਰਹੇ ਹਨ। ਅੱਜ ਇੱਥੇ ਬੱਚੇ ਲੈ ਕੇ ਸਕੂਲ ਜਾ ਰਹੀ ਬੱਸ ਟੋਏ ਵਿੱਚ ਡਿੱਗ ਪਈ ਜੋ ਪਲਟ ਜਾਣ ਤੋਂ ਮਸਾਂ ਹੀ ਬਚੀ। ਬੱਸ ਡਰਾਈਵਰ ਦੀ ਸਿਆਣਪ ਨਾਲ ਬੱਚਿਆਂ ਨੂੰ ਤੁਰੰਤ ਹੀ ਬਾਹਰ ਕੱਢਿਆ ਗਿਆ। ਇਸ ਘਟਨਾ ਕਾਰਨ ਲੋਕਾਂ ਵਿੱਚ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ।
ਵਿਭਾਗ ਦੇ ਐੱਸ ਡੀ ਓ ਅਮਰੀਕ ਸਿੰਘ ਨੇ ਦੱਸਿਆ ਕਿ ਮਟੀਰੀਅਲ ਨਾ ਮਿਲਣ ਅਤੇ ਲੇਬਰ ਦੀ ਘਾਟ ਕਾਰਨ ਕੰਮ ਵਿੱਚ ਦੇਰੀ ਹੋ ਰਹੀ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਜੇਕਰ ਸੜਕ ਬਣਾਉਣ ਲਈ ਲੋੜੀਂਦਾ ਮਟੀਰੀਅਲ ਹੀ ਨਹੀਂ ਸੀ ਤਾਂ ਫਿਰ ਸੜਕ ਪੁੱਟੇ ਕੇ ਲੋਕਾਂ ਦਾ ਲਾਂਘਾ ਕਿਉਂ ਬੰਦ ਕੀਤਾ ਪਿਆ ਹੈ। ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਨੂੰ ਛੇਤੀ ਬਣਾਇਆ ਜਾਵੇ।
