ਨਿੱਜੀ ਪੱਤਰ ਪ੍ਰੇਰਕ
ਜਲੰਧਰ, 22 ਜਨਵਰੀ
ਪਾਰਲੀਮੈਂਟ ਰਿਸਰਚਰ ਅਤੇ ਟਰੇਨਿੰਗ ਇੰਸਟੀਚਿਊਟ ਫਾਰ ਡੈਮੋਕਰੇਸੀ ਵੱਲੋਂ ਕਰਵਾਏ ਗਏ ਪੰਜ ਦਿਨਾਂ ਆਨਲਾਈਨ ਸੈਸ਼ਨ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਰਾਜ ਸਭਾ ਤੇ ਲੋਕ ਸਭਾ ਮੈਂਬਰਾਂ ਨੂੰ ਵਾਤਾਵਰਨ ਦਾ ਪਾਠ ਪੜ੍ਹਾਇਆ। ਇਹ ਆਨਲਾਈਨ ਸੈਸ਼ਨ 18 ਜਨਵਰੀ ਤੋਂ ਸ਼ੁਰੂ ਹੋਇਆ ਸੀ ਜਿਸ ਵਿੱਚ ਦੇਸ਼ ਦੀਆਂ 20 ਅਜਿਹੀਆਂ ਪਦਮਸ੍ਰੀ ਨਾਲ ਸਨਮਾਨਿਤ ਸ਼ਖ਼ਸੀਅਤਾਂ ਨੇ ਸੰਬੋਧਨ ਕੀਤਾ ਜਿਨ੍ਹਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ਸਮਾਜ ਸੇਵਾ ਦੇ ਵੱਡੇ ਕਾਰਜ ਕੀਤੇ ਹਨ। ਅੱਜ ਦੇ ਆਖਰੀ ਸੈਸ਼ਨ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਿੱਥੇ ਕਾਲੀ ਵੇਈਂ, ਸਤਲੁਜ ਦਰਿਆ ਦੇ ਪ੍ਰਦੂਸ਼ਣ, ਬੀਕਾਨੇਰ ਦੇ ਕੈਂਸਰ ਹਸਪਤਾਲ ਅਤੇ ਹੜ੍ਹਾਂ ਵਿੱਚ ਕੀਤੇ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ।
ਆਨਲਾਈਨ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਜੇ ਦੇਸ਼ ਦਾ ਕਿਸਾਨ ਬਚੇਗਾ ਤਾਂ ਹੀ ਦੇਸ਼ ਮਜ਼ਬੂਤ ਤੇ ਆਤਮ ਨਿਰਭਰ ਹੋਵੇਗਾ। ਦੋਨਾ ਇਲਾਕੇ ਵਿੱਚ ਰਸਤੇ ਬਣਾਉਣ, ਪਵਿੱਤਰ ਕਾਲੀ ਵੇਈਂ ਵਿੱਚ ਨਿਰਮਲ ਜਲਧਾਰਾ ਦੇ ਵਹਾਅ ਨਾਲ ਧਰਤੀ ਹੇਠਲੇੇ ਪਾਣੀ ਨੂੰ ਉਪਰ ਚੁੱਕਣ ਤੇ ਸੀਚੇਵਾਲ ਮਾਡਲ ਰਾਹੀਂ ਪਿੰਡਾਂ ਤੇ ਸ਼ਹਿਰਾਂ ਦੇ ਵਰਤੇ ਗਏ ਪਾਣੀ ਨੂੰ ਸੋਧ ਕੇ ਮੁੜ ਵਰਤਣ ਦਾ ਸਫਲ ਤਜ਼ਰਬਾ ਵੀ ਸਾਂਝਾ ਕੀਤਾ। ਇਸ ਮੌਕੇ ਪਵਿੱਤਰ ਕਾਲੀ ਵੇਈਂ ਬਾਰੇ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ।