ਸਫ਼ਾਈ ਮੁਲਾਜ਼ਮਾਂ ਨੇ ਮੇਅਰ ਦਫ਼ਤਰ ਘੇਰਿਆ
ਮੰਗਾਂ ਨਾ ਮੰਨਣ ’ਤੇ ਨਿਗਮ ਪ੍ਰਸ਼ਾਸਨ ਖ਼ਿਲਾਫ਼ ਮੁਜ਼ਾਹਰਾ; ਸ਼ਹਿਰ ਦੀ ਸਫ਼ਾਈ ਨਾ ਕਰਨ ਦਾ ਐਲਾਨ
ਨਗਰ ਨਿਗਮ ਜਲੰਧਰ ਅਧੀਨ ਆਉਂਦੇ ਸਫਾਈ ਮੁਲਾਜ਼ਮਾਂ ਨੇ ਅੱਜ ਆਪਣੀਆਂ ਮੰਗਾਂ ਮੰਨਵਾਉਣ ਲਈ ਨਿਗਮ ਕੰਪਲੈਕਸ ਸਥਿਤ ਮੇਅਰ ਦੇ ਦਫ਼ਤਰ ਦਾ ਘਿਰਾਓ ਕੀਤਾ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਤੋਂ ਬਾਅਦ ਸ੍ਰੀਰਾਮ ਚੌਕ ’ਚ ਧਰਨਾ ਦਿੱਤਾ।
ਚੌਕ ਵਿੱਚ ਧਰਨੇ ਕਾਰਨ ਆਵਾਜਾਈ ਠੱਪ ਹੋ ਗਈ। ਜਾਣਕਾਰੀ ਅਨੁਸਾਰ ਸਫਾਈ ਮੁਲਾਜ਼ਮਾਂ ਨੇ ਭਲਕੇ ਮੰਗਲਵਾਰ ਤੋਂ ਸ਼ਹਿਰ ਵਿੱਚ ਸਫਾਈ ਨਾ ਕਰਨ ਦਾ ਐਲਾਨ ਵੀ ਕੀਤਾ ਹੈ। ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਮੱਟੂ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਦੌਰਾਨ 1,132 ਸਫਾਈ ਮੁਲਾਜ਼ਮਾਂ ਦੀ ਭਰਤੀ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।
ਉਨ੍ਹਾਂ ਕਿਹਾ ਕਿ ਉਹ ਕਈ ਵਾਰ ਸਰਕਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਭਰੋਸਾ ਦੇ ਕੇ ਚੁੱਪ ਕਰਵਾ ਦਿੰਦੇ ਹਨ। ਆਪਣਾ ਮੁੱਦਾ ਕੈਬਨਿਟ ਮੰਤਰੀ ਮੋਹਿੰਦਰ ਭਗਤ ਕੋਲ ਵੀ ਚੁੱਕਿਆ ਹੈ ਪਰ ਹਰ ਵਾਰ, ਇਸ ਨੂੰ ਮੁਲਤਵੀ ਕਰਨ ਲਈ ਕੋਈ ਨਾ ਕੋਈ ਬਹਾਨਾ ਲੱਗਾ ਦਿੰਦੇ ਹਨ। ਇਸ ਲਈ ਅੱਜ ਉਨ੍ਹਾਂ ਨੇ ਕੰਮ ਛੱਡ ਕੇ ਹੜਤਾਲ ’ਤੇ ਜਾਣ ਦਾ ਫੈਸਲਾ ਕੀਤਾ ਹੈ। ਤਾਲਮੇਲ ਕਰਮਚਾਰ ਯੂਨੀਅਨ ਦੇ ਪਵਨ ਕੁਮਾਰ ਤੇ ਡੱਲੀ ਨੇ ਕਿਹਾ ਕਿ ਸਰਕਾਰ ਚਾਹੁੰਦੀ ਕਿ ਵਿਰੋਧ ਪ੍ਰਦਰਸ਼ਨ ਜਾਰੀ ਰਹਿਣ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਕਈ ਵਾਰ ਮੇਅਰ ਨਾਲ ਗੱਲ ਕੀਤੀ ਹੈ। ਉਹ ਹਮੇਸ਼ਾ ਕਹਿੰਦੇ ਹਨ ਕਿ ਚੰਡੀਗੜ੍ਹ ਵਿੱਚ ਗੱਲਬਾਤ ਚੱਲ ਰਹੀ ਹੈ ਅਤੇ ਉਹ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਸਫਾਈ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦਾ ਇਲਾਕਾ ਵਧਿਆ ਹੈ। ਇਸ ਵੇਲੇ ਜਲੰਧਰ ਵਿੱਚ ਲਗਭਗ 1,300 ਸਫਾਈ ਮੁਲਾਜ਼ਮ ਹਨ। ਇੰਨੇ ਘੱਟ ਮੁਲਾਜ਼ਮਾਂ ਨਾਲ ਸਫਾਈ ਪ੍ਰਬੰਧਨ ਅਸੰਭਵ ਹੈ। ਅੱਜ ਤੋਂ ਜਲੰਧਰ ਵਿੱਚ ਵੀ ਸਫਾਈ ਬੰਦ ਹੋ ਜਾਵੇਗੀ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਦੌਰਾਨ ਮੱਟੂ ਨੇ ਕਿਹਾ ਕਿ ਛਾਉਣੀ ਖੇਤਰ ਵਿੱਚ ਉਸਦੇ 15 ਸਫਾਈ ਕਰਮਚਾਰੀ ਹਨ ਜੋ ਇੱਕ ਸਾਲ ਤੋਂ ਕੰਮ ਕਰ ਰਹੇ ਹਨ ਪਰ ਉਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।ਯੂਨੀਅਨ ਆਗੂ ਮੱਟੂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਸਫਾਈ ਵੀ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸੰਘਰਸ਼ ਤੇਜ਼ ਕੀਤਾ ਜਾਵੇਗਾ।

