Sanitation Workers Strike: ਪੰਜਾਬ ਬੰਦ ਦੇ ਸੱਦੇ ਦੌਰਾਨ ਵੱਖ-ਵੱਖ ਥਾਈਂ ਧਰਨੇ ਮੁਜ਼ਾਹਰੇ
ਬਰਨਾਲਾ ’ਚ ਸਫ਼ਾੲੀ ਕਾਮਿਆਂ ’ਤੇ ਲਾਠੀਚਾਰਜ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾੲੀ ਮੰਗੀ; ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ; ਅੰਮ੍ਰਿਤਸਰ ’ਚ ਮੁਕੰਮਲ ਬੰਦ; ਜਥੇਬੰਦੀਆਂ ਨੇ ਭੰਡਾਰੀ ਪੁਲ ’ਤੇ ਧਰਨਾ ਲਾ ਕੇ ਅਵਾਜਾੲੀ ਰੋਕੀ
ਬਰਨਾਲਾ ’ਚ ਸਫ਼ਾਈ ਕਾਮਿਆਂ ’ਤੇ ਲਾਠੀਚਾਰਜ ਖ਼ਿਲਾਫ਼ ਸਫ਼ਾਈ ਸੇਵਕ ਕਰਮਚਾਰੀ ਯੂਨੀਅਨ ਦੇ ਸੱਦੇ ’ਤੇ ਅੱਜ ਪੰਜਾਬ ਬੰਦ ਦੌਰਾਨ ਧਰਨੇ ਅਤੇ ਮੁਜ਼ਾਹਰੇ ਕੀਤੇ ਗਏ। ਧਰਨਾਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਲਾਠੀਚਾਰਜ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਸਣੇ ਸਫ਼ਾਈ ਕਾਮਿਆਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।
ਅੱਜ ਅੰਮ੍ਰਿਤਸਰ ਵੀ ਲਗਪਗ ਮੁਕੰਮਲ ਬੰਦ ਰਿਹਾ ਹੈ। ਹਾਲ ਬਾਜ਼ਾਰ, ਕਟੜਾ ਜੈਮਲ ਸਿੰਘ, ਦਰਬਾਰ ਸਾਹਿਬ ਦੇ ਆਲੇ ਦੁਆਲੇ ਦਾ ਇਲਾਕਾ, ਰਾਮ ਬਾਗ, ਹਾਲ ਗੇਟ, ਲਾਰੈਂਸ ਰੋਡ, ਰਣਜੀਤ ਐਵੀਨਿਊ, ਮਾਲ ਰੋਡ, ਬਟਾਲਾ ਰੋਡ, ਮਜੀਠਾ ਰੋਡ ਸਮੇਤ ਅੰਦਰੂਨੀ ਸ਼ਹਿਰ ਤੇ ਹੋਰ ਇਲਾਕਿਆਂ ਸਣੇ ਦਿਹਾਤੀ ਖੇਤਰ ਵਿੱਚ ਬੰਦ ਦਾ ਅਸਰ ਦਿਖਾਈ ਦਿੱਤਾ। ਇਸ ਦੌਰਾਨ ਅੱਜ ਕਈ ਸਕੂਲਾਂ ’ਚ ਪਹਿਲਾਂ ਹੀ ਛੁੱਟੀ ਕਰ ਦਿੱਤੀ ਗਈ।
ਸਫ਼ਾਈ ਸੇਵਕ ਕਰਮਚਾਰੀਆਂ ਦੀਆਂ ਜਥੇਬੰਦੀਆਂ ਤੇ ਦਲਿਤ ਭਾਈਚਾਰੇ ਦੀਆਂ ਜਥੇਬੰਦੀਆਂ ਵੱਲੋਂ ਸਥਾਨਕ ਭੰਡਾਰੀ ਪੁਲ ਤੇ ਰੋਸ ਵਿਖਾਵਾ ਕੀਤਾ ਗਿਆ ਅਤੇ ਇਸ ਦੌਰਾਨ ਭੰਡਾਰੀ ਪੁਲ ਤੇ ਆਵਾਜਾਈ ਰੋਕੀ ਗਈ, ਜਿਸ ਨਾਲ ਲਗਪਗ ਸਾਰਾ ਦਿਨ ਹੀ ਸਮੁੱਚੇ ਸ਼ਹਿਰ ਦੀ ਆਵਾਜਾਈ ਵਿੱਚ ਵਿਘਨ ਪਿਆ ਹੈ ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਸਫ਼ਾਈ ਸੇਵਕ ਜਥੇਬੰਦੀਆਂ ਨੇ ਲਾਠੀਚਾਰਜ ਕਰਨ ਵਾਲੇ ਡੀ ਐੱਸ ਪੀ ਅਤੇ ਐੱਸ ਐੱਚ ਓ ਸਮੇਤ ਹੋਰਨਾਂ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਇਸ ਦੌਰਾਨ ਭੰਡਾਰੀ ਪੁਲ ਤੇ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਪੁਲੀਸ ਨੇ ਸੁਰੱਖਿਆ ਪ੍ਰਬੰਧ ਕੀਤੇ ਸਨ।
ਪਠਾਨਕੋਟ (ਐੱਨ ਪੀ ਧਵਨ): ਪਠਾਨਕੋਟ ਦੇ ਸ਼ਹਿਰ ਦੇ ਮੁੱਖ ਬਾਜ਼ਾਰ ਦੁਪਹਿਰ ਤੱਕ ਬੰਦ ਰਹੇ। ਨਗਰ ਨਿਗਮ ਦੇ ਸਫ਼ਾਈ ਸੇਵਕ, ਸੀਵਰਮੈਨ ਅਤੇ ਡਰਾਈਵਰ ਯੂਨੀਅਨ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸਫ਼ਾਈ ਕਰਮਚਾਰੀਆਂ ਤੇ ਵਾਲਮੀਕੀ ਭਾਈਚਾਰੇ ਦੇ ਪ੍ਰਦਰਸ਼ਨ ਨੂੰ ਕਿਸਾਨ ਯੂਨੀਅਨ ਤੇ ਵਪਾਰ ਮੰਡਲਾਂ ਨੇ ਵੀ ਸਮਰਥਨ ਦਿੱਤਾ।
ਤਰਨ ਤਾਰਨ (ਗੁਰਬਖਸ਼ਪੁਰੀ): ਪੰਜਾਬ ਬੰਦ ਦੌਰਾਨ ਤਰਨ ਤਰਨ ਇਲਾਕੇ ਅੰਦਰ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਬੰਦ ਰਹੇ, ਸੜਕਾਂ ਤੇ ਸੁੰਨ-ਮਸਾਣ ਪਸਰੀ ਦਿਖਾਈ ਦਿੱਤੀ। ਨਗਰ ਕੌਂਸਲ ਤਰਨ ਤਾਰਨ ਦੇ ਸਫ਼ਾਈ ਸੇਵਕਾਂ ਹੜਤਾਲ ਦੇ ਅੱਜ 23ਵੇਂ ਦਿਨ ਗੇਟ ਰੈਲੀ ਕੀਤੀ ਗਈ। ਰੈਲੀ ਨੂੰ ਜਥੇਬੰਦੀ ਦੇ ਪ੍ਰਧਾਨ ਬਲਵਿੰਦਰ ਸਿੰਘ ਤੋਂ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ।
ਜਲੰਧਰ (ਗੁਰਨੇਕ ਸਿੰਘ ਵਿਰਦੀ): ਕਰਤਾਰਪੁਰ ਸ਼ਹਿਰ ਅੰਦਰ ਦੁਕਾਨਦਾਰਾਂ, ਰੇਹੜੀ-ਫੜੀ ਅਤੇ ਹੋਰ ਕਾਰੋਬਾਰੀਆਂ ਨੇ ਸਵੇਰ ਤੋਂ ਸ਼ਾਮ 4 ਵਜੇ ਤੱਕ ਆਪਣੇ ਕਾਰੋਬਾਰ ਮੁਕੰਮਲ ਬੰਦ ਰੱਖ ਕੇ ਬੰਦ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਸਫ਼ਾਈ ਸੇਵਕ ਯੂਨੀਅਨ ਪੰਜਾਬ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਸੂਬਾ ਸੱਦੇ ਤਹਿਤ ਨਗਰ ਕੌਂਸਲ ਦਫ਼ਤਰ ਅੱਗੇ ਮੁਜ਼ਾਹਰੇ ਮਗਰੋਂ ਮੁੱਖ ਚੌਕ ਪੁਲ ਹੇਠਾਂ ਧਰਨਾ ਦਿੱਤਾ ਗਿਆ। ਜਨਤਕ ਜਮਹੂਰੀ ਜਥੇਬੰਦੀਆਂ ਨੇ ਵੀ ਸਫ਼ਾਈ ਕਾਮਿਆਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕੀਤੀ।
ਸੁਲਤਾਨਪੁਰ ਲੋਧੀ (ਦੀਪਕ ਧੀਰ): ਸੁਲਤਾਨਪੁਰ ਲੋਧੀ ਵਿੱਚ ਜ਼ਿਆਦਾਤਰ ਬਾਜ਼ਾਰ ਅਤੇ ਵਪਾਰਕ ਅਦਾਰੇ ਬੰਦ ਰਹੇ। ਨਗਰ ਕੌਂਸਲ ਦੇ ਸਫਾਈ ਸੇਵਕਾਂ ਅਤੇ ਮਿਉਂਸਿਪਲ ਮੁਲਾਜ਼ਮਾਂ ਨੇ ਪ੍ਰਧਾਨ ਸੰਜੀਵ ਘਈ ਦੀ ਅਗਵਾਈ ਹੇਠ ਰੋਸ ਮਾਰਚ ਕੱਢ ਕੇ ਇਨਸਾਫ਼ ਦੀ ਮੰਗ ਕੀਤੀ।
ਸ਼ਾਹਕੋਟ/ਨਕੋਦਰ (ਗੁਰਮੀਤ ਸਿੰਘ ਖੋਸਲਾ): ਸ਼ਾਹਕੋਟ, ਮਲਸੀਆਂ, ਲੋਹੀਆਂ ਖਾਸ, ਨਕੋਦਰ ਅਤੇ ਮਹਿਤਪੁਰ ਦੇ ਬਜਾਰਾਂ ਸਮੇਤ ਬੈਂਕਾਂ ਅਤੇ ਕਈ ਸਰਕਾਰੀ ਦਫਤਰ ਵੀ ਬੰਦ ਰਹੇ। ਸਫ਼ਾਈ ਮਜ਼ਦੂਰਾਂ ਵੱਲੋਂ ਉਕਤ ਸ਼ਹਿਰਾਂ ਵਿਚ ਕੀਤੇ ਮੁਜ਼ਾਹਰਿਆਂ ’ਚ ਪੰਜਾਬ ਖੇਤ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ, ਜਮਹੂਰੀ ਅਧਿਕਾਰ ਸਭਾ ਪੰਜਾਬ ਤੇ ਭਰਾਤਰੀ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ।
ਫਗਵਾੜਾ (ਜਸਬੀਰ ਸਿੰਘ ਚਾਨਾ): ਅੱਜ ਫਗਵਾੜਾ ਪੂਰਨ ਤੌਰ ’ਤੇ ਬੰਦ ਰਿਹਾ। ਵਾਲਮੀਕੀ ਭਾਈਚਾਰੇ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਸ਼ਹਿਰ ’ਚ ਰੋਸ ਮਾਰਚ ਕੱਢਿਆ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲੀਸ ਵਲੋਂ ਵੀ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਹੋਏ ਸਨ ਤੇ ਐੱਸ ਪੀ ਮਾਧਵੀ ਸ਼ਰਮਾ ਨੇ ਖ਼ੁਦ ਸਾਰੀ ਸਥਿਤੀ ’ਤੇ ਨਜ਼ਰ ਰੱਖੀ।
ਬਲਾਚੌਰ (ਬਹਾਦਰਜੀਤ ਸਿੰਘ): ਪੰਜਾਬ ਬੰਦ ਨੂੰ ਬਲਾਚੌਰ ’ਚ ਭਰਵਾਂ ਹੁੰਗਾਰਾ ਮਿਲਿਆ। ਸਸਫ਼ਾਈ ਸੇਵਕਾਂ, ਸਮਾਜਿਕ ਤੇ ਕਰਮਚਾਰੀ ਜਥੇਬੰਦੀਆਂ ਸਣੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਬੁਲਾਰਿਆਂ ਨੇ ਬਰਨਾਲਾ ਲਾਠੀਚਾਰਜ ਨੂੰ ਅਣਮਨੁੱਖੀ ਘਟਨਾ ਕਰਾਰ ਦੇ ਕੇ ਦੋਸ਼ੀਆਂ ’ਤੇ ਕਾਰਵਾਈ ਮੰਗੀ। ਮੁਜ਼ਾਹਰੇ ’ਚ ਸਿਆਸੀ ਪਾਰਟੀਆਂ ਦੇ ਆਗੂ ਵੀ ਸ਼ਾਮਲ ਹੋਏ।
ਗੁਰਾਇਆ (ਨਿੱਜੀ ਪੱਤਰ ਪ੍ਰੇਰਕ) ਨਗਰ ਕੌਂਸਲ ਗੁਰਾਇਆ ਦੇ ਸਫ਼ਾਈ ਸੇਵਕਾਂ ਨੇ ਦਲਿਤ ਭਾਈਚਾਰੇ, ਰਵਿਦਾਸੀਆ ਸੰਸਥਾਵਾਂ, ਵਾਲਮੀਕਿ ਭਾਈਚਾਰੇ, ਦੁਕਾਨਦਾਰਾਂ, ਬਸਪਾ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਸਣੇ ਵੱਖ-ਵੱਖ ਰਾਜਨੀਤਕ ਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਦਰਸ਼ਨ ਕੀਤਾ ਤੇ ਬਰਨਾਲਾ ਘਟਨਾ ਲਈ ਇਨਸਾਫ਼ ਦੀ ਮੰਗ ਕੀਤੀ।
ਦਸੂਹਾ (ਭਗਵਾਨ ਦਾਸ ਸੰਦਲ): ਪੰਜਾਬ ਬੰਦ ਦੌਰਾਨ ਦਸੂਹਾ ਕੌਂਸਲ ਦੇ ਸਫ਼ਾਈ ਮੁਲਾਜ਼ਮਾਂ ਨੇ ਪ੍ਰਧਾਨ ਸਿਕੰਦਰ ਮਲਿਕ ਸਹੋਤਾ ਦੀ ਅਗਵਾਈ ਹੇਠ ਮਾਰਚ ਕੱਢ ਕੇ ਸਰਕਾਰ ਨੂੰ ਮੰਗਾਂ ਮੰਨਣ ਦੀ ਅਪੀਲ ਕੀਤੀ। ਸਫ਼ਾਈ ਮੁਲਾਜ਼ਮਾਂ ਨੂੰ ਵਪਾਰ ਮੰਡਲ ਦਸੂਹਾ, ਕਾਂਗਰਸ, ਭਾਜਪਾ, ਸ਼੍ਰੋਮਣੀ ਅਕਾਲੀ ਦਲ ਸਮੇਤ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਸਮਰਥਨ ਦਿੱਤਾ। ਇਸ ਮੌਕੇ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਤਰਲੋਕ ਸਿੰਘ ਸਾਹੀ, ਕੌਂਸਲਰ ਯੋਵਨ ਬੱਸੀ, ਕੋਂਸਲਰ ਭੁੱਲਾ ਰਾਣਾ, ਸੰਨੀ ਰਾਜਪੂਤ, ਅਮੋਲਕ ਸਿੰਘ ਹੁੰਦਲ, ਅੰਕਿਤ ਰਾਣਾ ਆਦਿ ਮੌਜੂਦ ਸਨ
ਤਲਵਾੜਾ (ਦੀਪਕ ਠਾਕੁਰ): ਤਲਵਾੜਾ ’ਚ ਸਥਾਨਕ ਨਗਰ ਕੌਂਸਲ ਦੇ ਠੇਕਾ/ਆਊਟਸੋਰਸ ਮੁਲਾਜ਼ਮਾਂ ਨੇ ਮੇਨ ਬਜ਼ਾਰ ’ਚ ਰੋਸ ਮਾਰਚ ਕੱਢਿਆ। ਸ਼ਹਿਰ ਦੇ ਬਜ਼ਾਰ ਬਾਅਦ ਦੁਪਹਿਰ 4 ਵਜੇ ਤੱਕ ਬੰਦ ਰਹੇ। ਪੰਜਾਬ ਬੰਦ ਨੂੰ ਭਰਾਥਰੀ ਜਥੇਬੰਦੀਆਂ ਸਮੇਤ ਬਸਪਾ, ਭਾਜਪਾ, ਲੋਕ ਜਨ ਸ਼ਕਤੀ ਪਾਰਟੀ ਪਾਸਵਾਨ ਤੇ ਕਾਂਗਰਸ ਨੇ ਵੀ ਸਮਰਥਨ ਦਿੱਤਾ।
ਕਾਦੀਆਂ (ਸੁੱਚਾ ਸਿੰਘ ਪਸਨਾਵਾਲ): ਅੱਜ ਕਾਦੀਆ ਦੇ ਬਾਜ਼ਾਰ ਮੁਕੰਮਲ ਬੰਦ ਰਹੇ ਜਦਕਿ ਬੈਂਕ, ਸਕੂਲ, ਹਸਪਤਾਲ, ਮੈਡੀਕਲ ਸਟੋਰਾਂ ਸਣੇ ਜ਼ਰੂਰੀ ਸੇਵਾਵਾਂ ਬਹਾਲ ਰਹੀਆਂ। ਸਫ਼ਾਈ ਕਰਮਚਾਰੀ ਯੂਨੀਅਨ ਕਾਦੀਆਂ ਨੇ ਪ੍ਰਧਾਨ ਰਹਿਮਤ ਭੱਟੀ ਦੀ ਅਗਵਾਈ ਹੇਠ ਰੋਸ ਮਾਰਚ ਕਰ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਵੱਖ-ਵੱਖ ਜਥੇਬੰਦੀਆਂ ਤੇ ਪਾਰਟੀਆਂ ਨੇ ਮੁਜ਼ਾਹਰੇ ’ਚ ਸਹਿਯੋਗ ਦਿੱਤਾ।
ਜਲੰਧਰ ’ਚ ਬੰਦ ਨੂੰ ਮੱਠਾ ਹੁੰਗਾਰਾ; ਦਿਹਾਤੀ ਇਲਾਕੇ ’ਚ ਬੰਦ ਦਾ ਅਸਰ
ਜਲੰਧਰ (ਹਤਿੰਦਰ ਮਹਿਤਾ): ਬਰਨਾਲਾ ਵਿੱਚ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਖ਼ਿਲਾਫ਼ ਵਾਲਮੀਕ ਭਾਈਚਾਰੇ ਵੱਲੋਂ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਜਲੰਧਰ ’ਚ ਮੱਠਾ ਹੁੰਗਾਰਾ ਮਿਲਿਆ। ਇਸ ਦੌਰਾਨ ਆਦਮਪੁਰ ਪੂਰੀ ਤਰ੍ਹਾਂ ਬੰਦ ਰਿਹਾ। ਦਿਹਾਤੀ ਇਲਾਕੇ ਵਿੱਚ ਬੰਦ ਦਾ ਅਸਰ ਨਜ਼ਰ ਆਇਆ ਪਰ ਸ਼ਹਿਰ ’ਚ ਕੁਝ ਕੁ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਬਾਜ਼ਾਰ ਖੁੱਲੇ ਰਹੇ ਹਨ। ਜਲੰਧਰ ਵਿੱਚ ਜਨਜੀਵਨ ਆਮ ਵਾਂਗ ਰਿਹਾ ਬਾਜ਼ਾਰ ਵਿੱਚ ਦੁਕਾਨਾਂ ਵੀ ਪੂਰੀ ਤਰ੍ਹਾਂ ਖੁੱਲੀਆਂ ਰਹੀਆਂ। ਲੋਕਾਂ ਦੀ ਆਵਾਜਾਈ ਆਮ ਵਾਂਗ ਰਹੀ ਪਰ ਨਗਰ ਨਿਗਮ ਸਫਾਈ ਕਰਮਚਾਰੀ ਅਤੇ ਸਬੰਧਤ ਹੋਰ ਵੱਖ ਵੱਖ ਵਿਭਾਗਾਂ ਦੇ ਕਾਮਿਆਂ ਵੱਲੋਂ ਨਗਰ ਨਿਗਮ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਧਰਨੇ ਪ੍ਰਦਰਸ਼ਨ ਵਿੱਚ ਵਿਪਨ ਸਭਰਵਾਲ ਬੰਟੂ ਸਭਰਵਾਲ ਅਤੇ ਭਾਈਚਾਰੇ ਦੇ ਹੋਰ ਆਗੂਆਂ ਨੇ ਕਿਹਾ ਕਿ ਮੰਗਾਂ ਪੂਰੀਆਂ ਤੱਕ ਸੰਘਰਸ਼ ਜਾਰੀ ਰਹੇਗਾ। ਕੋਈ ਵੀ ਸਫ਼ਾਈ ਕਰਮਚਾਰੀ, ਡਰਾਈਵਰ ਅਤੇ ਹੋਰ ਸਬੰਧਤ ਵਿਭਾਗ ਦੇ ਕਰਮਚਾਰੀ ਕੰਮ ਨਹੀਂ ਕਰਨਗੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਖ-ਵੱਖ ਸਕੀਮਾਂ ਰਾਹੀਂ ਲੋਕਾਂ ਨੂੰ ਲਲਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਜੋ ਅੱਤਿਆਚਾਰ ਹੋ ਰਹੇ ਹਨ।
ਨਵਾਂਸ਼ਹਿਰ ’ਚ ਮੁਜ਼ਾਹਰਾ
ਨਵਾਂਸ਼ਹਿਰ (ਨਰਿੰਦਰ ਭੂੰਬਲਾ): ਪੰਜਾਬ ਬੰਦ ਦੌਰਾਨ ਨਵਾਂਸ਼ਹਿਰ ਵਿਚ ਸਾਰੇ ਬਾਜ਼ਾਰ ਮੁਕੰਮਲ ਬੰਦ ਰਹੇ| ਆਟੋ ਯੂਨੀਅਨ (ਇਫਟੂ) ਅਤੇ ਰੇਹੜੀ ਵਰਕਰ ਯੂਨੀਅਨ (ਇਫਟੂ) ਨੇ ਵੀ ਸਫ਼ਾਈ ਸੇਵਕਾਂ ਦੇ ਹੱਕ ਵਿੱਚ ਆਪਣੇ ਕਾਰੋਬਾਰ ਬੰਦ ਰੱਖੇ ਅਤੇ ਪ੍ਰਦਰਸ਼ਨ ਵਿਚ ਸ਼ਮੂਲੀਅਤ ਕੀਤੀ। ਕਮੇਟੀ ਬਾਜ਼ਾਰ ਮੰਦਰ ਵਿੱਚ ਇਕੱਠ ਅਤੇ ਮੁਜ਼ਾਹਰਾ ਕੀਤਾ ਗਿਆ। ਮਿਉਂਸਿਪਲ ਕਰਮਚਾਰੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੰਨੀ ਬਘਾਨ੍ਹੀਆਂ, ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਆਦਿ ਨੇ ਸਰਕਾਰ ਨੂੰ ਸਫ਼ਾਈ ਕਾਮਿਆਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ।
ਡੇਰਾ ਬਾਬਾ ਨਾਨਕ, ਕਲਾਨੌਰ, ਬਟਾਲਾ ਵਿੱਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ
ਡੇਰਾ ਬਾਬਾ ਨਾਨਕ/ਬਟਾਲਾ (ਦਲਬੀਰ ਸੱਖੋਵਾਲੀਆ): ਕੌਮਾਂਤਰੀ ਸੀਮਾ ਨੇੜਲੇ ਕਸਬਾ ਡੇਰਾ ਬਾਬਾ ਨਾਨਕ, ਕਲਾਨੌਰ, ਬਟਾਲਾ, ਸ੍ਰੀ ਹਰਗੋਬਿੰਦਪੁਰ ਸਾਹਿਬ ਸਮੇਤ ਹੋਰ ਕਸਬਿਆਂ ’ਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਮੈਡੀਕਲ ਸਹੂਲਤਾਂ ਨੂੰ ਛੱਡਕੇ ਬਾਕੀ ਸਭ ਮੁਕੰਮਲ ਬੰਦ ਰਿਹਾ। ਸਫ਼ਾਈ ਸੇਵਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਨਾਅਰੇਬਾਜ਼ੀ ਕਰਦਿਆਂ ਜਿੱਥੇ ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਕਰਨ ਵਾਲੇ ਡੀ ਐੱਸ ਪੀ ਅਤੇ ਐੱਸ ਐੱਚ ਓ ਵਿਰੁੱਧ ਕਾਰਵਾਈ ਮੰਗੀ। ਰੋਸ ਪ੍ਰਦਰਸ਼ਨ ਨੂੰ ਸਿਆਸੀ ਆਗੂਆਂ ਨੇ ਵੀ ਸਮਥਰਨ ਦਿੱਤਾ। ਬੁਲਾਰਿਆਂ ਨੇ ਸਰਕਾਰ ਤੋਂ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਜਲਦ ਪ੍ਰਵਾਨ ਕੀਤੀਆਂ ਜਾਣ ਦੀ ਅਪੀਲ ਕੀਤੀ।
ਸਿਆਸੀ ਪਾਰਟੀਆਂ ਵੱਲੋਂ ਸਫ਼ਾਈ ਕਾਮਿਆਂ ਦਾ ਸਮਰਥਨ
ਗੜ੍ਹਸ਼ੰਕਰ (ਜੋਗਿੰਦਰ ਕੁੱਲੇਵਾਲ): ਸਫਾਈ ਸੇਵਕ ਯੂਨੀਅਨ ਅਤੇ ਮਿਉਂਸਿਪਲ ਐਕਸ਼ਨ ਕਮੇਟੀ ਦੇ ਪੰਜਾਬ ਬੰਦ ਦੇ ਸੱਦੇ ਨੂੰ ਗੜ੍ਹਸ਼ੰਕਰ ’ਚ ਭਰਵਾਂ ਹੁੰਗਾਰਾ ਮਿਲਿਆ ਤੇ ਸਵੇਰ ਤੋਂ ਹੀ ਸ਼ਹਿਰ ਦੀਆਂ ਦੁਕਾਨਾਂ, ਰੇਹੜੀ, ਫੜ੍ਹੀ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਸੜਕਾਂ ’ਤੇ ਵੀ ਸੁੰਨ ਛਾਈ ਰਹੀ। ਇਸ ਮੌਕੇ ਸਫਾਈ ਸੇਵਕਾਂ ਦੇ ਨਾਲ ਸੀ ਪੀ ਆਈ ਐੱਮ ਦੇ ਕਾ. ਦਰਸ਼ਨ ਸਿੰਘ ਮੱਟੂ, ਕਾਂਗਰਸ ਦੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਮਿੰਟੂ ਲਾਲੀ, ਵਿਕਾਸ ਮੰਚ ਆਗੂ ਕੁਲਵਿੰਦਰ ਸੰਘਾ ਆਦਿ ਆਗੂਆਂ ਨਗਰ ਕੌਂਸਲ ਗੜ੍ਹਸ਼ੰਕਰ ਦਫਤਰ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਸਫ਼ਾਈ ਸੇਵਕਾਂ ’ਤੇ ਲਾਠੀਚਾਰਜ ਦੇ ਦੋਸ਼ੀ ਪੁਲੀਸ ਮੁਲਾਜ਼ਮਾਂ, ਅਧਿਕਾਰੀਆਂ ਖ਼ਿਲਾਫ਼ ਕਨੂੰਨੀ ਕਾਰਵਾਈ ਸਣੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ।

