ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ਮੱਲਿਆ

ਸੰਘਰਸ਼ ਕਮੇਟੀ ਨੇ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ਮੱਲਿਆ

ਪਿੰਡ ਦੇਵੀਦਾਸਪੁਰਾ ਨੇੜੇ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ’ਤੇ ਬੈਠੇ ਅੰਦੋਲਨਕਾਰੀ ਕਿਸਾਨ ਤੇ ਮਜ਼ਦੂਰ।

ਸਿਮਰਤ ਪਾਲ ਸਿੰਘ ਬੇਦੀ

ਜੰਡਿਆਲਾ ਗੁਰੂ, 24 ਸਤੰਬਰ

ਖੇਤੀ ਬਿੱਲਾਂ ਦੇ ਵਿਰੋਧ ਵਿੱਚ ਊੱਠੇ ਵਿਆਪਕ ਜਨ ਅੰਦੋਲਨ ਤਹਿਤ ਅੱਜ ਵੱਡੀ ਗਿਣਤੀ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੇ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ’ਤੇ ਪਿੰਡ ਦੇਵੀਦਾਸਪੁਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਪਟੜੀ ਉੱਪਰ ਕਨਾਤਾਂ ਲਗਾ ਕੇ ਬੈਠ ਗਏ। ਇਸ ਮੌਕੇ ਕਿਸਾਨ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਪੰਜਾਬ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ਨੇ ਕੇਂਦਰ ਵੱਲੋਂ ਜਾਰੀ ਖੇਤੀ ਬਿੱਲਾਂ ਦੇ ਖ਼ਿਲਾਫ਼ ਅੱਜ ਤੋਂ ਤਿੰਨ ਦਿਨਾਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਹੈ ਅਤੇ 25 ਸਤੰਬਰ ਨੂੰ ‘ਪੰਜਾਬ ਬੰਦ’ ਤੋਂ ਬਾਅਦ ਇੱਕ ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਰੇਲ ਰੋੋਕ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਖੇਤੀ ਸੋਧ ਬਿੱਲ ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਅਤੇ ਆੜ੍ਹਤੀਆਂ ਤੋਂ ਇਲਾਵਾ ਆਮ ਜਨਤਾ ਲਈ ਵੀ ਬਹੁਤ ਘਾਤਕ ਹਨ, ਮੋਦੀ ਸਰਕਾਰ ਇਹ ਆਰਡੀਨੈਂਸ ਪਾਸ ਕਰ ਕੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੀ ਹੈ। ਊਨ੍ਹਾਂ ਕਿਹਾ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਸੋਧ ਬਿੱਲਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੇਂਦਰ ਸਰਕਾਰ ਵੱਲੋਂ 40 ਲੇਬਰ ਐਕਟ ਖਤਮ ਕੀਤੇ ਜਾਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਇਸ ਨਾਲ ਕੇਂਦਰ ਸਰਕਾਰ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕਰ ਰਹੀ ਹੈ। ਊਨ੍ਹਾਂ ਕਿਹਾ ਉਹ ਆਪਣੀ ਸਥਿਤੀ ਸਪਸ਼ਟ ਕਰਨ ਕਿ ਸੁਖਬੀਰ ਬਾਦਲ ਇਨ੍ਹਾਂ ਖੇਤੀ ਸੋਧ ਬਿੱਲਾਂ ਦੇ ਨਾਲ ਸਹਿਮਤ ਹਨ ਜਾਂ ਨਹੀਂ। ਉਨ੍ਹਾਂ ਕਿਹਾ ਪੰਜਾਬ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਇਸ ਵਿਸ਼ੇ ਉੱਪਰ ਸਿਆਸਤ ਛੱਡ ਇਕੱਠੇ ਹੋ ਕੇ ਮੁੱਖ ਮੰਤਰੀ ਨੂੰ ਨਾਲ ਲੈ ਕੇ ਦਿੱਲੀ ਪਹੁੰਚਣ ਅਤੇ ਮੋਦੀ ਸਰਕਾਰ ਉਪਰ ਦਬਾਅ ਬਣਾ ਕੇ ਇਨ੍ਹਾਂ ਬਿੱਲਾਂ ਨੂੰ ਵਾਪਸ ਕਰਵਾਇਆ ਜਾਵੇ। ਊਨ੍ਹਾਂ ਕਿਹਾ ਰੇਲਾਂ ਜਾਮ ਕਰਨ ਦਾ ਉਦੇਸ਼ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ। ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਦਾ ਹੋਰ ਕੋਈ ਤਰੀਕਾ ਨਹੀਂ ਰਿਹਾ।  

ਵੀਰਵਾਰ ਨੂੰ ਸੁੰਨਸਾਨ ਪਏ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਦੀ ਝਲਕ। -ਫੋਟੋ: ਪੰਜਾਬੀ ਟ੍ਰਿਬਿਊਨ

ਜਲੰਧਰ ਰੇਲਵੇ ਸਟੇਸ਼ਨ ’ਤੇ ਗੱਡੀਆਂ ਖੁਣੌਂ ਛਾਇਆ ਸੁੰਨਸਾਨ ਛਾਈ

ਜਲੰਧਰ (ਪਾਲ ਸਿੰਘ ਨੌਲੀ) ਕਿਸਾਨਾਂ ਦੇ ਅੰਦੋਲਨ ਨੂੰ ਦੇਖਦਿਆਂ ਅੰਮਿਤਸਰ ਤੋਂ ਚੱਲਣ ਵਾਲੀਆਂ 14 ਰੇਲ ਗੱਡੀਆਂ ਰੱਦ ਹੋਣ ਕਾਰਨ ਜਲੰਧਰ ਰੇਲਵੇ ਸਟੇਸ਼ਨ ’ਤੇ ਕੋਈ ਗੱਡੀ ਨਹੀਂ ਆਈ ਤੇ ਸਟੇਸ਼ਨ ’ਤੇ ਸੰਨਾਟਾ ਛਾਇਆ ਰਿਹਾ। ਸਵੇਰੇ ਸਟੇਸ਼ਨ ’ਤੇ ਕੁਝ ਲੋਕ ਆਏ ਸਨ ਪਰ ਉਨ੍ਹਾਂ ਨੂੰ ਗੱਡੀਆਂ ਰੱਦ ਹੋਣ ਬਾਰੇ ਜਾਣਕਾਰੀ ਨਹੀਂ ਸੀ। ਰੱਦ ਕੀਤੀਆਂ ਗਈਆਂ ਗੱਡੀਆਂ ਵਿਚ ਅੰਮਿ੍ਤਸਰ ਤੋਂ ਮੁੰਬਈ, ਨਿਊ ਜਲਪਾਈਗੁੜੀ, ਕੋਲਕਾਤਾ, ਜੈਨਗਰ, ਹਰਿਦੁਆਰ, ਹਜ਼ੂਰ ਸਾਹਿਬ, ਨਵੀਂ ਦਿੱਲੀ, ਡਿਬਰੂਗੜ੍ਹ ਆਦਿ ਸ਼ਾਮਲ ਹਨ। ਇਹ ਰੇਲ  ਗੱਡੀਆਂ 26 ਸਤੰਬਰ ਤੱਕ ਰੱਦ ਰਹਿਣਗੀਆਂ। ਜਲੰਧਰ ਸਟੇਸ਼ਨ ਤੋਂ 101 ਯਾਤਰੀਆਂ ਨੂੰ 70 ਹਜ਼ਾਰ ਰੁਪਏ ਤੋਂ ਵੱਧ ਦਾ ਰਿਫੰਡ ਦਿੱਤਾ ਗਿਆ। ਜਿਹੜੀਆਂ ਰੇਲ ਗੱਡੀਆਂ  26 ਸਤੰਬਰ ਨੂੰ ਵੀ ਨਹੀਂ ਚੱਲਣਗੀਆਂ ਉਨ੍ਹਾਂ ਦੇ ਯਾਤਰੂਆਂ ਨੂੰ ਵੀ ਰਿਫੰਡ ਦਿੱਤਾ ਜਾਵੇਗਾ। ਪੰਜਾਬ ਵਿੱਚ ਤਿੰਨ ਦਿਨ ਰੇਲਾਂ ਨਹੀਂ ਚੱਲਣਗੀਆਂ।ਉਧਰ, ਭਗਤ ਸਿੰਘ ਆਟੋ ਯੂਨੀਅਨ ਵਾਲਿਆਂ ਨੇ ਵੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਬੰਦ ਦਾ ਸਮਰਥਨ ਕੀਤਾ ਹੈ। ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਜਲੰਧਰ ਤੇ ਪਠਾਨਕੋਟ ਵਿੱਚ ਉਨ੍ਹਾਂ ਦੀ ਯੂਨੀਅਨ ਦਾ ਪ੍ਰਭਾਵ ਹੈ ਤੇ ਇਨ੍ਹਾਂ ਥਾਵਾਂ ’ਤੇ ਲਗਭੱਗ ਪੰਜ ਹਜ਼ਾਰ ਆਟੋ ਨਹੀਂ ਚੱਲਣਗੇ।

ਫਿਲੌਰ ’ਚ ਤਿੰਨ ਥਾਵਾਂ ’ਤੇ ਲੱਗਣਗੇ ਧਰਨੇ

ਫਿਲੌਰ (ਸਰਬਜੀਤ ਗਿੱਲ) ਖੇਤੀ ਬਿੱਲਾਂ ਦੇ ਵਿਰੋਧ ’ਚ ਇੱਥੇ ਸ਼ੁਕਰਵਾਰ ਨੂੰ 31 ਜਥੇਬੰਦੀਆਂ ਵਲੋਂ ਲਗਾਏ ਜਾਣ ਵਾਲੇ ਧਰਨੇ ਦੀ ਵੀ ਵੰਡ ਹੋ ਗਈ ਹੈ। ਇਹ ਧਰਨਾ ਹੁਣ ਦੋ ਥਾਵਾਂ ’ਤੇ ਲੱਗੇਗਾ ਅਤੇ ਤੀਜਾ ਧਰਨਾ ਅਕਾਲੀ ਦਲ ਦੀ ਅਗਵਾਈ ’ਚ ਲਗਾਇਆ ਜਾਵੇਗਾ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਹਰਮਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਟੌਲ ਪਲਾਜ਼ੇ ਦੇ ਕੋਲ ਧਰਨਾ ਲਗਾਇਆ ਜਾਵੇਗਾ ਜਿਸ ਵਿਚ ਰਾਜੇਵਾਲ ਧੜੇ ਤੋਂ ਇਲਾਵਾ ਦੋਆਬਾ ਸੰਘਰਸ਼ ਕਮੇਟੀ ਤੇ ਹੋਰ ਜਥੇਬੰਦੀਆਂ ਵੀ ਸ਼ਾਮਲ ਹੋਣਗੀਆਂ। ਇਸ ਜਥੇਬੰਦੀ ਦੇ ਇੱਕ ਹੋਰ ਆਗੂ ਹਰਜੀਤ ਸਿੰਘ ਢੇਸੀ ਨੇ ਕਿਹਾ ਕਿ ਉਨ੍ਹਾਂ ਨੂੰ ਹਾਈ ਕਮਾਂਡ ਦਾ ਅਲੱਗ ਧਰਨਾ ਲਗਾਉਣ ਦਾ ਹੁਕਮ ਆਇਆ ਹੈ। ਭਾਕਿਯੂ ਕਾਦੀਆਂ, ਜਮਹੂਰੀ ਕਿਸਾਨ ਸਭਾ, ਕਿਰਤੀ ਕਿਸਾਨ ਯੂਨੀਅਨ ਵਲੋਂ ਬਕਾਪੁਰ ਵਾਲੇ ਫਾਟਕ ਨਜ਼ਦੀਕ ਧਰਨਾ ਲਗਾਇਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਵਲੋਂ ਸਤਲੁਜ ਦਰਿਆ ਦੇ ਨੇੜੇ ਧਰਨਾ ਲਗਾਇਆ ਜਾਵੇਗਾ ਜਿਸ ਸਬੰਧੀ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਇਸ ਧਰਨੇ ’ਚ ਕਿਸਾਨ, ਮਜ਼ਦੂਰ ਤੇ ਆੜ੍ਹਤੀਏ ਸ਼ਾਮਲ ਹੋਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All