ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 29 ਅਗਸਤ
ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਦੇ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਬਾਉਲੀ ਸਾਹਿਬ ’ਚ 1 ਅਤੇ 2 ਸਤੰਬਰ ਨੂੰ ਮਨਾਏ ਜਾ ਰਹੇ ਮੇਲੇ ਜਗ ਦੀਆਂ ਤਿਆਰੀਆਂ ਸ਼ੋਮਣੀ ਕਮੇਟੀ ਪ੍ਰਬੰਧਕ ਕਮੇਟੀ ਨੇ ਮੁਕੰਮਲ ਕਰ ਲਈਆਂ ਹਨ। ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਦੀ ਦੇਖ-ਰੇਖ ਹੇਠ ਸੁਚੱਜੇ ਢੰਗ ਨਾਲ ਚੱਲ ਰਹੀਆਂ ਤਿਆਰੀਆਂ ਦੌਰਾਨ ਮੇਲੇ ਜਗ ਦੇ ਸਬੰਧੀ ਵਿੱਚ ਸਮੁੱਚੇ ਗੁਰਦੁਆਰਾ ਸਾਹਿਬ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ। ਸੰਗਤਾਂ ਦੀ ਆਮਦ ਨੂੰ ਲੈ ਕੇ ਸਾਰੇ ਲੋੜੀਂਦੇ ਪ੍ਰਬੰਧਾਂ ਨੂੰ ਮੁਕੰਮਲ ਕਰ ਲਏ ਹਨ। ਮੈਨੇਜਰ ਗੁਰਪ੍ਰੀਤ ਸਿੰਘ ਰੋਡੇ ਨੇ ਦੱਸਿਆ ਕਿ ਕਰੋਨਾ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਮੇਲੇ ਵਿੱਚ ਖਾਸ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਧਾਰਮਿਕ ਦੀਵਾਨ ਅਤੇ ਹੋਰ ਸਮਾਗਮਾਂ ਨੂੰ ਰੱਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੇਲੇ ਜਗ ਦੇ ਸਬੰਧ ਵਿੱਚ ਗੁਰਦੁਆਰਾ ਬਾਉਲੀ ਸਾਹਿਬ ਵਿੱਚ ਸੋਮਵਾਰ ਤੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਭੋਗ ਦੋ ਸਤੰਬਰ ਨੂੰ ਪੈਣਗੇ ਅਤੇ ਕੀਰਤਨ ਦੇ ਪ੍ਰਵਾਹ 24 ਘੰਟੇ ਚੱਲਦੇ ਰਹਿਣਗੇ। ਉਨ੍ਹਾਂ ਕਿਹਾ ਕਿ ਗੁਰੂ ਅਮਰਦਾਸ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਗਿਆ। ਹੈੱਡ ਕੁਲਵੰਤ ਸਿੰਘ, ਸੁਖਦੇਵ ਸਿੰਘ ਮੱਲਮੋਹਰੀ, ਭਗਵੰਤ ਸਿੰਘ ਤੇ ਜੈਮਲ ਸਿੰਘ ਨੇ ਸੰਗਤ ਨੂੰ ਕਰੋਨਾ ਨੇਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਸੰਗਤ ਲਈ ਰਿਹਾਇਸ਼, ਪਾਰਕਿੰਗ, ਮੈਡੀਕਲ ਸਹੂਲਤਾਂ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।