ਪੱਤਰ ਪ੍ਰੇਰਕ
ਭੋਗਪੁਰ, 1 ਜੁਲਾਈ
ਥਾਣਾ ਭੋਗਪੁਰ ਵਿੱਚ ਪੈਂਦੇ ਪਿੰਡ ਮੋਕਲਾਂ ਦੇ ਵਾਸੀ ਲਖਵਿੰਦਰ ਸਿੰਘ ਦੇ ਘਰ ਰਾਤ ਨੂੰ ਤਿੰਨ ਅਣਪਛਾਤੇ ਨੌਜਵਾਨ ਘਰ ਦੀਆਂ ਕੰਧਾਂ ਟੱਪ ਕੇ ਦਾਖ਼ਲ ਹੋਏ। ਉਨ੍ਹਾਂ ਘਰ ਦੇ ਮੈਂਬਰਾਂ ਨੂੰ ਕਿਹਾ ਕਿ ਘਰ ਵਿੱਚ ਜਿੰਨਾ ਵੀ ਸੋਨਾ, ਚਾਂਦੀ ਅਤੇ ਪੈਸਾ ਜਾ ਹੋਰ ਕੀਮਤੀ ਸਾਮਾਨ ਹੈ, ਸਾਰਾ ਕੁਝ ਉਨ੍ਹਾਂ ਦੇ ਹਵਾਲੇ ਕਰ ਦੇਣ। ਨਹੀਂ ਤਾਂ ਸਾਰਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਜਦ ਘਰ ਦੇ ਮਾਲਕ ਲਖਵਿੰਦਰ ਸਿੰਘ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਸਿਰ ’ਤੇ ਤੇਜ਼ ਹਥਿਆਰ ਨਾਲ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਕਮਰੇ ਵਿੱਚ ਬੰਦ ਕਰਕੇ ਲੈ ਗਏ।
ਘਰ ਦੇ ਕਮਰੇ ਵਿੱਚ ਬੰਦ ਕੀਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਸਵੇਰੇ ਰੌਲਾ ਪਾਇਆ ਅਤੇ ਦਰਵਾਜ਼ੇ ਖੜਕਾਏ ਤਾਂ ਨਜ਼ਦੀਕੀ ਰਹਿ ਰਹੇ ਗੁਆਂਢੀਆਂ ਨੇ ਦਰਵਾਜ਼ੇ ਖੋਲ੍ਹ ਕੇ ਬਾਹਰ ਕੱਢਿਆ ਅਤੇ ਥਾਣਾ ਭੋਗਪੁਰ ਵਿੱਚ ਚੋਰੀ ਦੀ ਰਿਪੋਰਟ ਦਰਜ ਕਰਵਾਈ। ਪੁਲੀਸ ਅਧਿਕਾਰੀ ਏ ਐਸ ਆਈ ਕਰਨੈਲ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਚੋਰੀ ਦੀ ਵਾਰਦਾਤ ਦਾ ਜਾਇਜ਼ਾ ਲਿਆ। ਏਐੱਸਆਈ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਤਕਨੀਕੀ ਢੰਗ ਨਾਲ ਚੋਰੀ ਦੀ ਵਾਰਦਾਤ ਵਿੱਚ ਸ਼ਾਮਿਲ ਦੋਸ਼ੀਆਂ ਦੀ ਭਾਲ ਕਰ ਲਵੇਗੀ।