ਰੋਡਵੇਜ਼ ਅਤੇ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ
ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ; ਯਾਤਰੀ ਖੱਜਲ-ਖੁਆਰ ਹੋਏ
ਪੰਜਾਬ ਰੋਡਵੇਜ਼ ਅਤੇ ਪਨਬੱਸ ਦੇ ਆਊਟਸੋਰਸ ਅਤੇ ਠੇਕਾ ਆਧਾਰਿਤ ਮੁਲਾਜ਼ਮਾਂ ਨੇ ਲਟਕਦੀਆਂ ਮੰਗਾਂ ਦੇ ਸਮਰਥਨ ਵਿੱਚ ਤਿੰਨ ਰੋਜ਼ਾ ਹੜਤਾਲ ਸ਼ੁਰੂ ਕਰ ਦਿੱਤੀ। ਹੜਤਾਲ ਕਾਰਨ ਪਠਾਨਕੋਟ ਬੱਸ ਅੱਡੇ ਤੋਂ ਚੱਲਣ ਵਾਲੀਆਂ ਸਰਕਾਰੀ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਰਹੀ, ਜਿਸ ਨਾਲ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਦੇ ਆਗੂ ਜੋਗਿੰਦਰ ਪਾਲ ਲਵਲੀ ਅਤੇ ਕਮਲ ਜੋਤੀ ਨੇ ਕਿਹਾ ਕਿ ਮੁੱਖ ਮੰਗਾਂ ਵਿੱਚ ਤਨਖ਼ਾਹ ਵਿੱਚ ਵਾਧਾ, ਨੌਕਰੀ ਦੀ ਸੁਰੱਖਿਆ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਬਰਾਬਰ ਕੰਮ ਲਈ ਬਰਾਬਰ ਤਨਖ਼ਾਹ ਦਾ ਸਿਧਾਂਤ ਲਾਗੂ ਕਰਨਾ ਅਤੇ ਕਿਲੋਮੀਟਰ ਸਕੀਮ ਨੂੰ ਬੰਦ ਕਰਨਾ ਸ਼ਾਮਲ ਹੈ।
ਹੜਤਾਲ ਕਾਰਨ ਪਠਾਨਕੋਟ ਤੋਂ ਅੰਮ੍ਰਿਤਸਰ, ਜਲੰਧਰ, ਜੰਮੂ ਅਤੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੇ ਮੁੱਖ ਰੂਟਾਂ ’ਤੇ ਸਰਕਾਰੀ ਬੱਸਾਂ ਨਹੀਂ ਚੱਲੀਆਂ। ਸਰਕਾਰੀ ਬੱਸਾਂ ਬੰਦ ਹੋਣ ਕਾਰਨ ਨਿੱਜੀ ਬੱਸਾਂ ’ਤੇ ਅਚਾਨਕ ਭੀੜ ਵਧ ਗਈ, ਜਿਸ ਨਾਲ ਕਈ ਰੂਟਾਂ ’ਤੇ ਕਿਰਾਏ ਵਿੱਚ ਵੀ ਵਾਧਾ ਦੇਖਣ ਨੂੰ ਮਿਲਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਫਗਵਾੜਾ ਵਿੱਚ 70 ਤੋਂ 80 ਫ਼ੀਸਦੀ ਬੱਸਾਂ ਰਹੀਆਂ ਬੰਦ
ਫਗਵਾੜਾ (ਜਸਬੀਰ ਸਿੰਘ ਚਾਨਾ): ਪੰਜਾਬ ਰੋਡਵੇਜ਼, ਪਨਬੱਸ ਤੇ ਪੰਜਾਬ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਠੇਕਾ ਮੁਲਾਜ਼ਮਾਂ ਵੱਲੋਂ ਕੀਤੀ ਗਈ ਸੂਬਾ ਪੱਧਰੀ ਹੜਤਾਲ ਕਾਰਨ ਫਗਵਾੜਾ ਖੇਤਰ ’ਚ ਸਰਕਾਰੀ ਬੱਸ ਸੇਵਾਵਾਂ ਪ੍ਰਭਾਵਿਤ ਹੋਈਆਂ। ਹੜਤਾਲ ਕਾਰਨ ਫਗਵਾੜਾ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਵੱਡੀ ਗਿਣਤੀ ਬੱਸਾਂ ਸੜਕਾਂ ਤੋਂ ਗਾਇਬ ਰਹੀਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੱਸਾਂ ਦੀ ਘਾਟ ਕਾਰਨ ਦਫ਼ਤਰ ਜਾਣ ਵਾਲੇ ਕਰਮਚਾਰੀ, ਵਿਦਿਆਰਥੀ, ਮਹਿਲਾਵਾਂ ਤੇ ਦਿਹਾੜੀਦਾਰ ਮਜ਼ਦੂਰ ਲੰਬੇ ਸਮੇਂ ਤੱਕ ਬੱਸ ਅੱਡਿਆਂ ’ਤੇ ਉਡੀਕ ਕਰਦੇ ਰਹੇ। ਕਈ ਯਾਤਰੀਆਂ ਨੇ ਮਜਬੂਰੀ ’ਚ ਨਿੱਜੀ ਵਾਹਨਾਂ ਦਾ ਸਹਾਰਾ ਲਿਆ, ਜਦਕਿ ਕੁਝ ਨੇ ਆਪਣਾ ਸਫ਼ਰ ਹੀ ਮੁਲਤਵੀ ਕਰ ਦਿੱਤਾ। ਜਾਣਕਾਰੀ ਅਨੁਸਾਰ ਪੀਆਰਟੀਸੀ/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਕਪੂਰਥਲਾ ਦੇ ਮੈਂਬਰਾਂ ਨੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਦੀ ਅਗਵਾਈ ਹੇਠ ਸਵੇਰੇ 10 ਵਜੇ ਤੋਂ ਹੜਤਾਲ ਸ਼ੁਰੂ ਕੀਤੀ। ਅਧਿਕਾਰੀਆਂ ਮੁਤਾਬਕ ਹੜਤਾਲ ਕਾਰਨ ਕਪੂਰਥਲਾ ਜ਼ਿਲ੍ਹੇ ’ਚ ਲਗਭਗ 70 ਤੋਂ 80 ਫ਼ੀਸਦੀ ਬੱਸ ਸੇਵਾਵਾਂ ਪ੍ਰਭਾਵਿਤ ਰਹੀਆਂ। ਡਿੱਪੂ ਦੀਆਂ ਕੁੱਲ 96 ਬੱਸਾਂ ’ਚੋਂ ਸਿਰਫ਼ 12 ਬੱਸਾਂ (ਜਿਨ੍ਹਾਂ ਨੂੰ ਰੈਗੂਲਰ ਕਰਮਚਾਰੀ ਚਲਾ ਰਹੇ ਸਨ) ਹੀ ਸੜਕਾਂ ’ਤੇ ਉਤਰੀਆਂ।

