ਪੱਤਰ ਪ੍ਰੇਰਕ
ਹੁਸ਼ਿਆਰਪੁਰ, 22 ਜਨਵਰੀ
ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਤੀਕਸ਼ਣ ਸੂਦ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਸ਼ਹਿਰ ਦੀਆਂ ਕਈ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਨੇ ਸ੍ਰੀ ਸੂਦ ਨੂੰ ਮਿਲ ਕੇ ਜਿੱਥੇ ਉਨ੍ਹਾਂ ਦਾ ਟਿਕਟ ਮਿਲਣ ਉਪਰੰਤ ਸਵਾਗਤ ਕੀਤਾ, ਉੱਥੇ ਉਨ੍ਹਾਂ ਨੂੰ ਪੂਰਨ ਸਮਰਥਨ ਦੇਣ ਦਾ ਵੀ ਐਲਾਨ ਕੀਤਾ।
ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਸੰਜੀਵ ਅਰੋੜਾ, ਹੁਸ਼ਿਆਰਪੁਰ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਤਰਸੇਮ ਮੌਦਗਿੱਲ, ਲਾਇੰਸ ਕਲੱਬ ਹੁਸ਼ਿਆਰਪੁਰ ਦੇ ਪ੍ਰਧਾਨ ਸ਼ਾਖਾ ਬੱਗਾ, ਰੋਟਰੀ ਕਲੱਬ ਹੁਸ਼ਿਆਰਪੁਰ ਦੇ ਪ੍ਰਧਾਨ ਰਾਜਿੰਦਰ ਮੌਦਗਿੱਲ, ਸਰਬੱਤ ਦਾ ਭਲਾ ਸੰਸਥਾ ਦੇ ਐਚ.ਕੇ ਨਕੜਾ, ਸਤੀਸ਼ ਅਰੋੜਾ, ਦੀਪਕ ਸੇਠੀ, ਰਾਜਨ ਟੇਰੀ ਆਦਿ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸੰਸਥਾਵਾਂ ਵਲੋਂ ਸ੍ਰੀ ਸੂਦ ਦੀ ਵਿਧਾਨ ਸਭਾ ਚੋਣਾਂ ’ਚ ਜਿੱਤ ਨੂੰ ਯਕੀਨੀ ਬਣਾਉਣ ਲਈ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਇਸ ਦੌਰਾਨ ਤੀਕਸ਼ਣ ਸੂਦ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਭਾਜਪਾ ਦੀ ਸਰਕਾਰ ਬਣਾਉਣਗੇ ਲੋਕ: ਮਨੋਰੰਜਨ ਕਾਲੀਆ
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਵੱਲੋਂ ਐਲਾਨੇ ਗਏ ਸ਼ਹਿਰ ਦੇ ਤਿੰਨ ਉਮੀਦਵਾਰਾਂ ਦਾ ਪਾਰਟੀ ਦੇ ਚੋਣ ਦਫਤਰ ਵਿਚ ਨਿੱਘਾ ਸਵਾਗਤ ਕੀਤਾ ਗਿਆ। ਇਸ ਸਵਾਗਤੀ ਸਮਾਗਮ ਵਿਚ ਜਲੰਧਰ ਕੇਂਦਰੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਮਨੋਰੰਜਨ ਕਾਲੀਆ, ਜਲੰਧਰ ਉੱਤਰੀ ਤੋਂ ਕੇਡੀ ਭੰਡਾਰੀ ਅਤੇ ਜਲੰਧਰ ਪੱਛਮੀ ਤੋਂ ਮਹਿੰਦਰ ਭਗਤ ਉਚੇਚੇ ਤੌਰ ’ਤੇ ਪਹੁੰਚੇ ਸਨ। ਇਸ ਮੌਕੇ ਮਨੋਰੰਜਨ ਕਾਲੀਆ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਭਾਜਪਾ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ ਤੇ 20 ਫਰਵਰੀ ਨੂੰ ਲੋਕ ਭਾਰੀ ਬਹੁਮੱਤ ਨਾਲ ਭਾਜਪਾ ਦੀ ਸਰਕਾਰ ਬਣਾਉਣਗੇ।
ਅੰਮ੍ਰਿਤਸਰ ਉੱਤਰੀ ਤੋਂ ਸੁਖਮਿੰਦਰ ਪਿੰਟੂ ਭਾਜਪਾ ਦੇ ਉਮੀਦਵਾਰ ਬਣੇ
ਅੰਮ੍ਰਿਤਸਰ (ਟਨਸ): ਭਾਜਪਾ ਵਲੋਂ ਕੌਂਸਲਰ ਸੁਖਮਿੰਦਰ ਸਿੰਘ ਪਿੰਟੂ ਦਾ ਨਾਂ ਉਮੀਦਵਾਰ ਵਜੋਂ ਐਲਾਨਿਆ ਗਿਆ ਹੈ, ਜਿਸ ਦੀ ਆਮਦ ਨਾਲ ਇਸ ਹਲਕੇ ਵਿਚ ਚਾਰ ਕੋਨੇ ਮੁਕਾਬਲੇ ਦੀ ਸੰਭਾਵਨਾ ਬਣ ਗਈ ਹੈ। ਅੰਮ੍ਰਿਤਸਰ ਉਤਰੀ ਵਿਧਾਨ ਸਭਾ ਹਲਕੇ ਵਿਚ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਵਲੋਂ ਅਨਿਲ ਜੋਸ਼ੀ, ਕਾਂਗਰਸ ਵਲੋਂ ਵਿਧਾਇਕ ਸੁਨੀਲ ਦੱਤੀ ਅਤੇ ‘ਆਪ’ ਵਲੋਂ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਮੈਦਾਨ ਵਿਚ ਹਨ। ਹੁਣ ਭਾਜਪਾ ਵਲੋਂ ਸੁਖਮਿੰਦਰ ਸਿੰਘ ਪਿੰਟੂ ਦੇ ਮੈਦਾਨ ਵਿਚ ਆਉਣ ਨਾਲ ਇਥੇ ਚਾਰ ਕੋਨਾ ਮੁਕਾਬਲਾ ਹੋ ਗਿਆ ਹੈ।