ਲਾਜਵੰਤ ਸਿੰਘ
ਨਵਾਂਸ਼ਹਿਰ, 22 ਸਤੰਬਰ
ਕਿਰਤੀ ਕਿਸਾਨ ਯੂਨੀਅਨ ਇਲਾਕਾ ਔੜ ਦੇ ਕਿਸਾਨਾਂ ਨੇ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ ਅਤੇ ਬਹਾਦਰ ਸਿੰਘ ਧਰਮਕੋਟ ਦੀ ਅਗਵਾਈ ਵਿੱਚ ਅੱਜ ਪਾਵਰਕੌਮ ਦਫ਼ਤਰ ਰਾਹੋਂ ਅੱਗੇ ਪਿੰਡਾਂ ਵਿੱਚ ਜਬਰੀ ਚਿੱਪ ਵਾਲ਼ੇ ਮੀਟਰ ਲਾਉਣ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਨੇ ਐਸਡੀਓ ਰਾਹੋਂ ਨੂੰ ਚਿਤਾਵਨੀ ਦਿੱਤੀ ਕਿ ਜੇ ਮੁਲਾਜ਼ਮਾਂ ਨੇ ਜਬਰੀ ਮੀਟਰ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਨੇ ਕਿਹਾ ਕਿ ‘ਆਪ’ ਦੀ ਸਰਕਾਰ ਨੇ ਏਵਨ ਕੰਪਨੀ ਦੇ 5700 ਕਰੋੜ ਰੁਪਏ ਦੇ ਮੀਟਰ ਖ਼ਰੀਦੇ ਹਨ। ਇਨ੍ਹਾਂ ਮੀਟਰਾਂ ਦੇ ਲੱਗਣ ਨਾਲ਼ ਮੋਬਾਈਲਾਂ ਦੀ ਤਰ੍ਹਾਂ ਪਹਿਲਾਂ ਪੈਸੇ ਜਮ੍ਹਾਂ ਕਰਵਾਉਣੇ ਪਿਆ ਕਰਨਗੇ ਅਤੇ ਸਭ ਕੁੱਝ ਆਨਲਾਈਨ ਹੋਣ ਨਾਲ਼ ਹਜ਼ਾਰਾਂ ਕੰਮ ਕਰਨ ਵਾਲ਼ੇ ਮੁਲਾਜ਼ਮ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਨਾਲ਼ ਸਰਾਸਰ ਠੱਗੀ ਹੈ, ਉਨ੍ਹਾਂ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ ਅਤੇ ਪਾਵਰਕੌਮ ਅਧਿਕਾਰੀਆਂ ਨੂੰ ਅਜਿਹੇ ਮੀਟਰ ਲਾਉਣ ਤੋਂ ਗੁਰੇਜ਼ ਕਰਨ ਲਈ ਕਿਹਾ।
ਇਸ ਮੌਕੇ ਅਵਤਾਰ ਸਿੰਘ ਸਕੋਹਪੁਰ, ਬਲਿਹਾਰ ਸਿੰਘ ਹੰਸਰੋਂ, ਰਵੀ ਕੁਮਾਰ ਹੰਸਰੋਂ ਅਤੇ ਕੁਲਦੀਪ ਕੁਮਾਰ ਹੰਸਰੋਂ ਸਣੇ ਵੱਖ-ਵੱਖ ਪਿੰਡਾਂ ਦੇ ਕਿਸਾਨ ਮਜ਼ਦੂਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਐਸਡੀਓ ਰਾਹੋਂ ਨੇ ਭਰੋਸਾ ਦਿਵਾਇਆ ਹੈ ਕਿ ਬਿਨਾਂ ਜਥੇਬੰਦੀ ਨੂੰ ਸੂਚਿਤ ਕੀਤਿਆਂ ਕੋਈ ਵੀ ਮੁਲਾਜ਼ਮ ਮੀਟਰ ਨਹੀਂ ਲਗਾਵੇਗਾ।