Ranjit Sagar Dam: ਰਣਜੀਤ ਸਾਗਰ ਡੈਮ ਦੀ ਝੀਲ ਦਾ ਠੇਕਾ ਅੱਠ ਵਾਰ ਮੁਲਤਵੀ
ਮੱਛੀ ਚੋਰਾਂ ਨੂੰ ਲੱਗੀਆਂ ਮੌਜਾਂ; ਪੰਜਾਬ ਸਰਕਾਰ ਨੂੰ ਲੱਗ ਰਿਹੈ ਲੱਖਾਂ ਰੁਪਏ ਦਾ ਰਗਡ਼ਾ
ਰਣਜੀਤ ਸਾਗਰ ਡੈਮ ਪ੍ਰਾਜੈਕਟ ਦੀ ਝੀਲ ਵਿੱਚ ਮੱਛੀਆਂ ਫੜਨ ਦਾ ਠੇਕਾ ਪੰਜ ਮਹੀਨਿਆਂ ਤੋਂ ਸਿਰੇ ਨਾ ਚੜ੍ਹਨ ਕਰ ਕੇ ਅੱਠ ਵਾਰ ਮੁਲਤਵੀ ਹੋ ਚੁੱਕਾ ਹੈ। ਇੱਥੋਂ ਮੱਛੀ ਚੋਰੀ ਕਾਰਨ ਪੰਜਾਬ ਸਰਕਾਰ ਨੂੰ ਲੱਖਾਂ ਰੁਪਏ ਦਾ ਰਗੜਾ ਲੱਗ ਰਿਹਾ ਹੈ।
ਜਾਣਕਾਰੀ ਅਨੁਸਾਰ ਡੈਮ ਪ੍ਰਸ਼ਾਸਨ ਵੱਲੋਂ ਰਿਜ਼ਰਵ ਕੀਮਤ ਵਿੱਚ ਵਾਰ-ਵਾਰ ਕਟੌਤੀ ਕਰਨ ਦੇ ਬਾਵਜੂਦ, ਕੋਈ ਵੀ ਠੇਕੇਦਾਰ ਆਨਲਾਈਨ ਬੋਲੀ ਜਮ੍ਹਾਂ ਕਰਨ ਲਈ ਤਿਆਰ ਨਹੀਂ ਹੁੰਦਾ। ਇਸ ਕਾਰਨ ਠੇਕਾ ਸਿਰੇ ਨਹੀਂ ਚੜ੍ਹਦਾ ਅਤੇ ਅਧਿਕਾਰੀਆਂ ਨੂੰ ਬੋਲੀ ਮੁਲਤਵੀ ਕਰਨੀ ਪੈਂਦੀ ਹੈ। ਦੱਸਣਯੋਗ ਹੈ ਕਿ ਪਿਛਲੀ ਵਾਰ ਠੇਕਾ ਇੱਕ ਸਾਲ ਲਈ 1.37 ਕਰੋੜ ਦਾ ਆਫਤਾਬ ਮੁਹੰਮਦ ਨਾਂ ਦੇ ਠੇਕੇਦਾਰ ਦਾ ਸੀ ਜੋ ਕਿ 27 ਨਵੰਬਰ 2025 ਨੂੰ ਖ਼ਤਮ ਹੋ ਗਿਆ ਸੀ। ਡੈਮ ਪ੍ਰਸ਼ਾਸਨ ਨੇ ਮੱਛੀ ਫੜਨ ਵਾਸਤੇ ਠੇਕੇ ਲਈ 1.45 ਕਰੋੜ ਰੁਪਏ ਰਿਜ਼ਰਵ ਕੀਮਤ ਤੈਅ ਕੀਤੀ ਸੀ। ਇਸ ਕਾਰਨ ਡੈਮ ਅਧਿਕਾਰੀਆਂ ਨੂੰ ਅਖੀਰੀ ਰਿਜ਼ਰਵ ਕੀਮਤ ਘਟਾਉਣੀ ਪਈ ਤੇ ਹੁਣ ਇਹ ਘਟ ਕੇ 1 ਕਰੋੜ 2 ਲੱਖ 75 ਹਜ਼ਾਰ ਰੁਪਏ ਤੈਅ ਕੀਤੀ ਹੈ। ਪਿਛਲੇ ਮਹੀਨੇ 19 ਮਾਰਚ ਨੂੰ ਆਨਲਾਈਨ ਟੈਂਡਰ ਲਏ ਤਾਂ ਇੱਕ ਠੇਕੇਦਾਰ ਆਫਤਾਬ ਮੁਹੰਮਦ ਨੇ ਠੇਕਾ ਭਰਿਆ ਪਰ ਪ੍ਰਸ਼ਾਸਨ ਨੇ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਇਹ ਸਿੰਗਲ ਟੈਂਡਰ ਹੈ ਘੱਟੋ-ਘੱਟ ਤਿੰਨ ਠੇਕੇਦਾਰ ਹੋਣੇ ਚਾਹੀਦੇ ਹਨ।
ਦੱਸਣਯੋਗ ਹੈ ਕਿ ਡੈਮ ਦੀ ਝੀਲ ਤਿੰਨ ਸੂਬਿਆਂ ਜੰਮੂ ਕਸ਼ਮੀਰ, ਪੰਜਾਬ ਅਤੇ ਹਿਮਾਚਲ ਦੀ ਭੂਮੀ ਵਿੱਚ ਬਣੀ ਹੋਈ ਹੈ। ਇਸ ਵਿੱਚ ਹਰ ਸਾਲ ਮੱਛੀ ਫੜਨ ਦਾ ਠੇਕਾ ਜੰਮੂ ਕਸ਼ਮੀਰ ਦੀ ਸਰਕਾਰ ਆਪਣੇ ਖੇਤਰ ਵਿੱਚ ਅਤੇ ਪੰਜਾਬ ਸਰਕਾਰ ਆਪਣੇ ਪੰਜਾਬ ਵਾਲੇ ਖੇਤਰ ਵਿੱਚ ਕਰਦੀ ਹੈ। ਇਸ ਵਾਰ ਜੰਮੂ ਕਸ਼ਮੀਰ ਦੀ ਸਰਕਾਰ ਦਾ ਠੇਕਾ ਤਾਂ ਇੱਕ ਕਰੋੜ ਢਾਈ ਲੱਖ ’ਚ ਸਿਰੇ ਚੜ੍ਹ ਗਿਆ ਸੀ। ਪੰਜਾਬ ਵਾਲੇ ਖੇਤਰ ਵਿੱਚ ਮੱਛੀ ਚੋਰਾਂ ਦੇ ਹੌਸਲੇ ਬੁਲੰਦ ਹਨ। ਸੂਤਰਾਂ ਅਨੁਸਾਰ ਸ਼ਾਮ ਹੁੰਦਿਆਂ ਹੀ ਮੱਛੀ ਚੋਰ ਆਪਣੀਆਂ ਕਿਸ਼ਤੀਆਂ ਲੈ ਕੇ ਪ੍ਰਾਜੈਕਟ ਦੇ ਮੁੱਖ ਬੰਨ੍ਹ ਨਾਲ ਲੱਗਦੀ ਝੀਲ ਦੇ ਵਿੱਚ ਮੱਛੀਆਂ ਚੋਰੀ ਕਰਦੇ ਹਨ।
ਡੈਮ ਦੇ ਅਧਿਕਾਰੀ ਨੇ ਕਿਹਾ ਕਿ 27 ਤਰੀਕ ਨੂੰ ਟੈਂਡਰ ਖੋਲ੍ਹੇ ਜਾਣਗੇ, ਉਸੇ ਸਮੇਂ ਹੀ ਪਤਾ ਲੱਗੇਗਾ ਕਿ ਕਿੰਨੇ ਠੇਕੇਦਾਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੱਛੀ ਚੋਰਾਂ ਉੱਪਰ ਨਜ਼ਰ ਰੱਖੀ ਜਾ ਰਹੀ ਹੈ। ਦੋ ਵਾਰ ਦੋ ਕਿਸ਼ਤੀਆਂ ਫੜੀਆਂ ਜਾ ਚੁੱਕੀਆਂ ਹਨ, ਇੱਕ ਜਾਲ ਵੀ ਫੜਿਆ ਗਿਆ ਹੈ। ਚੋਰ ਭੱਜਣ ਵਿੱਚ ਕਾਮਯਾਬ ਰਹੇ।

