ਸੁਲਤਾਨਪੁਰ ਲੋਧੀ ਦੀ ਨਗਰ ਕੌਂਸਲ ’ਤੇ ਰਾਣਾ ਧੜੇ ਨੇ ਆਪਣਾ ਦਬਦਬਾ ਕਾਇਮ ਰੱਖਦਿਆਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ’ਤੇ ਕਬਜ਼ਾ ਕਰ ਲਿਆ ਹੈ। ਅੱਜ ਨਗਰ ਕੌਂਸਲ ਦਫ਼ਤਰ ਵਿੱਚ ਐੱਸ ਡੀ ਐੱਮ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਈ ਮੀਟਿੰਗ ਵਿੱਚ ਐੱਸ ਡੀ ਐੱਮ ਤੋਂ ਇਲਾਵਾ ਕਾਰਜਸਾਧਕ ਅਫਸਰ ਕਮਲਜੀਤ ਸਿੰਘ, ਗੁਰਵਿੰਦਰ ਸਿੰਘ ਵਿਰਕ, ਡੀ ਐੱਸ ਪੀ ਧੀਰੇਂਦਰ ਸਿੰਘ ਵਰਮਾ, ਗੌਰਵ ਗਿਰ ਆਦਿ ਵੀ ਹਾਜ਼ਰ ਸਨ। ਵਿਸ਼ੇਸ਼ ਮੀਟਿੰਗ ਦੌਰਾਨ ਪਹਿਲਾਂ ਨਵੇਂ ਚੁਣੇ 13 ਕੌਂਸਲਰਾਂ ਨੂੰ ਸਹੁੰ ਚੁਕਾਈ ਗਈ। ਇਸ ਤੋਂ ਬਾਅਦ ਹੋਈ ਚੋਣ ਪ੍ਰਕਿਰਿਆ ਵਿੱਚ ਸੰਦੀਪ ਕੌਰ ਚੀਮਾ ਨੂੰ ਪ੍ਰਧਾਨ ਅਤੇ ਗੁਰਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਚੋਣ ਨਤੀਜੇ ਆਉਂਦਿਆਂ ਹੀ ਰਾਣਾ ਧੜੇ ਦੇ ਸਮਰਥਕਾਂ ਨੇ ਜਸ਼ਨ ਮਨਾਇਆ। ਨਗਰ ਕੌਂਸਲ ਦੀਆਂ 13 ਸੀਟਾਂ ਵਿੱਚੋਂ ਰਾਣਾ ਧੜੇ ਦੇ ਸਮਰਥਨ ਵਾਲੇ 7 ਉਮੀਦਵਾਰ ਜੇਤੂ ਰਹੇ। ਆਮ ਆਦਮੀ ਪਾਰਟੀ ਨੂੰ 5 ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ ਮਿਲੀ। ਕਾਂਗਰਸ ਪਾਰਟੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ। ਦੱਸਣਯੋਗ ਹੈ ਕਿ ਪ੍ਰਧਾਨ-ਮੀਤ ਪ੍ਰਧਾਨ ਦੀ ਚੋਣ ਲਈ 2 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਮੁਲਤਵੀ ਹੋ ਗਈ ਸੀ। ਚੋਣਾਂ ਮਗਰੋਂ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਕਿਹਾ ਕਿ ਲੋਕਾਂ ਨੇ ਇੱਕ ਵਾਰ ਫਿਰ ਸੱਚ ਅਤੇ ਵਿਕਾਸ ਦੀ ਰਾਜਨੀਤੀ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣਾਂ ਦੌਰਾਨ ਉਨ੍ਹਾਂ ਦੇ ਜੇਤੂ ਉਮੀਦਵਾਰਾਂ ’ਤੇ ਦਬਾਅ ਬਣਾਇਆ ਗਿਆ ਅਤੇ ਝੂਠੇ ਮੁਕੱਦਮਿਆਂ ਵਿਚ ਫਸਾਉਣ ਦੀਆਂ ਸਾਜ਼ਿਸ਼ਾਂ ਰਚੀਆਂ ਗਈਆਂ। ਅੰਤ ਵਿੱਚ ਗੁਰੂ ਨਗਰੀ ਵਿੱਚ ਸੱਚ ਦੀ ਜਿੱਤ ਹੋਈ ਹੈ।
ਨਵ-ਨਿਯੁਕਤ ਪ੍ਰਧਾਨ ਸੰਦੀਪ ਕੌਰ ਚੀਮਾ ਨੇ ਕਿਹਾ, ‘ਮੈਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ। ਪਾਵਨ ਨਗਰੀ ਦੇ ਸਰਬਪੱਖੀ ਵਿਕਾਸ ਲਈ ਅਸੀਂ ਵਚਨਬੱਧ ਹਾਂ।’ ਮੀਤ ਪ੍ਰਧਾਨ ਗੁਰਜੀਤ ਕੌਰ ਨੇ ਕਿਹਾ ਕਿ ਨਗਰ ਕੌਂਸਲ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਸ਼ਹਿਰ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਇਆ ਜਾਵੇਗਾ। ਇਸ ਮੌਕੇ ਰਾਣਾ ਧੜੇ ਦੇ ਕੌਂਸਲਰ ਰਵੀ ਕਾਂਤਾ, ਅਮਰਜੀਤ ਕੌਰ, ਸਿਮਰਪ੍ਰੀਤ ਕੌਰ, ਕਸ਼ਮੀਰ ਸਿੰਘ, ਪਵਨ ਕੁਮਾਰ ਕਨੋਜੀਆ ਤੋਂ ਇਲਾਵਾ ਸਾਬਕਾ ਪ੍ਰਧਾਨ ਦੀਪਕ ਧੀਰ, ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ, ਚੇਅਰਮੈਨ ਹਰਚਰਨ ਸਿੰਘ ਬੱਗਾ, ਤੇਜਵੰਤ ਸਿੰਘ, ਜਗਜੀਤ ਸਿੰਘ ਚੰਦੀ ਸਮੇਤ ਕਈ ਪਾਰਟੀ ਆਗੂ ਅਤੇ ਸਮਰਥਕ ਹਾਜ਼ਰ ਸਨ।
