Municipal Council Rahon ਨੂੰ ਪਹਿਲੀ Female ਪ੍ਰਧਾਨ ਮਿਲੀ
ਰਸ਼ਮੀ ਰੰਦੇਵ ਨੇ ਸੰਭਾਲੀ ਸ਼ਹਿਰ ਦੀ ਕਮਾਨ, ਡੇਢ ਮਹੀਨੇ ਦੀ ਖਿੱਚੋਤਾਣ ਮਗਰੋਂ ਸਰਬਸੰਮਤੀ ਨਾਲ ਹੋਈ ਚੋਣ
ਰਾਜਾ ਰਘੂ ਦੇ ਨਾਮ ’ਤੇ ਵਸੇ ਰਾਹੋਂ ਸ਼ਹਿਰ ਦੇ 2000 ਸਾਲ ਤੋਂ ਵੱਧ ਦੇ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਮਹਿਲਾ ਨੇ ਨਗਰ ਕੌਂਸਲ ਦੀ ਪ੍ਰਧਾਨਗੀ ਸੰਭਾਲੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਰਸ਼ਮੀ ਰੰਦੇਵ ਨੇ ਰਾਹੋਂ ਨਗਰ ਕੌਂਸਲ ਦੀ ਪਹਿਲੀ ਮਹਿਲਾ ਪ੍ਰਧਾਨ ਵਜੋਂ ਹਲਫ਼ ਲਿਆ।
ਸਿਆਸੀ ਦਬਾਅ ਕਾਰਨ ਤਕਰੀਬਨ ਡੇਢ ਮਹੀਨੇ ਤੱਕ ਪ੍ਰਧਾਨਗੀ ਦੀ ਚੋਣ ਲਟਕਦੀ ਰਹੀ ਸੀ, ਜਿਸ ਕਾਰਨ ਜੇਤੂ ਧਿਰ ਦੇ ਕੌਂਸਲਰਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਚੋਣ ਪ੍ਰਕਿਰਿਆ ਦੌਰਾਨ ਰਿਟਰਨਿੰਗ ਅਫ਼ਸਰ ਐੱਸ ਡੀ ਐੱਮ ਬਲਾਚੌਰ ਸੁਨੀਲ ਫੋਗਾਟ ਨੇ ਪਹਿਲਾਂ ਸਮੂਹ ਜੇਤੂ ਕੌਂਸਲਰਾਂ ਨੂੰ ਸਹੁੰ ਚੁਕਾਈ। ਇਸ ਮਗਰੋਂ ਹੋਈ ਪ੍ਰਧਾਨਗੀ ਦੀ ਚੋਣ ਵਿੱਚ 12 ਕੌਂਸਲਰਾਂ ਨੇ ਸਰਬਸੰਮਤੀ ਨਾਲ ਵੋਟਾਂ ਪਾ ਕੇ ਰਸ਼ਮੀ ਰੰਦੇਵ ਨੂੰ ਪ੍ਰਧਾਨ ਚੁਣਿਆ। ਬਸਪਾ ਦੇ ਮੋਹਨ ਲਾਲ ਨੂੰ ਮੀਤ ਪ੍ਰਧਾਨ ਚੁਣਿਆ ਗਿਆ।
ਰਸ਼ਮੀ ਰੰਦੇਵ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਭਲੇ ਲਈ ਆਪਣੇ ਪਤੀ ਹਿੰਮਤ ਰੰਦੇਵ ਦੀ ਪ੍ਰੇਰਨਾ ਸਦਕਾ ਸਿਆਸਤ ਵਿੱਚ ਆਈ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਬਿਨਾਂ ਕਿਸੇ ਮਤਭੇਦ ਦੇ ਸਾਰੇ 13 ਵਾਰਡਾਂ ਦਾ ਬਰਾਬਰ ਵਿਕਾਸ ਕਰਵਾਇਆ ਜਾਵੇਗਾ।
ਹਲਕਾ ਵਿਧਾਇਕ ਡਾ. ਨਛੱਤਰ ਪਾਲ ਨੇ ਨਵੇਂ ਚੁਣੇ ਗਏ ਅਹੁਦੇਦਾਰਾਂ ਅਤੇ ਕੌਂਸਲਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਨਗਰ ਕੌਂਸਲ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਦੁਆਬੇ ਵਿੱਚ ਰਾਹੋਂ ਦੀ ਨਗਰ ਕੌਂਸਲ ਸਭ ਤੋਂ ਪੁਰਾਣੀ ਮੰਨੀ ਜਾਂਦੀ ਹੈ, ਜੋ ਲਗਪਗ ਇੱਕ ਸਦੀ ਪੁਰਾਣੀ ਹੈ। ਹੁਣ ਤੱਕ ਇਸ ਦੀ ਕਮਾਨ ਹਮੇਸ਼ਾ ਪੁਰਸ਼ਾਂ ਹੱਥ ਹੀ ਰਹੀ ਹੈ, ਪਰ ਅੱਜ ਪਹਿਲੀ ਵਾਰ ਇਹ ਜ਼ਿੰਮੇਵਾਰੀ ਇੱਕ ਮਹਿਲਾ ਨੂੰ ਸੌਂਪੀ ਗਈ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਿੰਮਤ ਰੰਦੇਵ, ਸਾਬਕਾ ਮੀਤ ਪ੍ਰਧਾਨ ਮੋਹਨ ਲਾਲ ਜਾਂਗੜਾ, ਕੌਂਸਲਰ ਊਸ਼ਾ ਰਾਣੀ, ਬਿਮਲ ਕੁਮਾਰ, ਹਰਦੀਪ ਕੌਰ, ਐਡਵੋਕੇਟ ਰਣਧੀਰ ਸਿੰਘ ਤੇ ਹੋਰ ਹਾਜ਼ਰ ਸਨ।

