ਦੁਪਹਿਰ 2 ਵਜੇ ਤੋਂ ਬਾਅਦ ਰਾਹੋਂ ਸਿਵਲ ਹਸਪਤਾਲ ਨੂੰ ਲੱਗ ਜਾਂਦਾ ਜਿੰਦਰਾ, ਮਰੀਜ਼ ਰੁਲਣ ਲਈ ਮਜਬੂਰ
ਆਮ ਲੋਕਾਂ ਨੂੰ ਸਸਤੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਦੇਣ ਦੇ ਸਰਕਾਰੀ ਦਾਅਵੇ ਰਾਹੋਂ ਦੇ ਸਿਵਲ ਹਸਪਤਾਲ ਵਿੱਚ ਖੋਖਲੇ ਸਾਬਤ ਹੋ ਰਹੇ ਹਨ। ਇੱਥੇ ਦੁਪਹਿਰ 2 ਵਜੇ ਤੋਂ ਬਾਅਦ ਹਸਪਤਾਲ ਨੂੰ ਤਾਲਾ ਲੱਗ ਜਾਣ ਕਾਰਨ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰੀ...
ਆਮ ਲੋਕਾਂ ਨੂੰ ਸਸਤੀਆਂ ਅਤੇ ਸਮੇਂ ਸਿਰ ਸਿਹਤ ਸੇਵਾਵਾਂ ਦੇਣ ਦੇ ਸਰਕਾਰੀ ਦਾਅਵੇ ਰਾਹੋਂ ਦੇ ਸਿਵਲ ਹਸਪਤਾਲ ਵਿੱਚ ਖੋਖਲੇ ਸਾਬਤ ਹੋ ਰਹੇ ਹਨ। ਇੱਥੇ ਦੁਪਹਿਰ 2 ਵਜੇ ਤੋਂ ਬਾਅਦ ਹਸਪਤਾਲ ਨੂੰ ਤਾਲਾ ਲੱਗ ਜਾਣ ਕਾਰਨ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ 2 ਵਜੇ ਤੋਂ ਬਾਅਦ ਹਸਪਤਾਲ ਵਿੱਚ ਕੋਈ ਡਾਕਟਰ ਜਾਂ ਸਟਾਫ਼ ਉਪਲਬਧ ਨਹੀਂ ਹੁੰਦਾ, ਜਿਸ ਕਾਰਨ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ। ਜੱਚਾ-ਬੱਚਾ ਦੇ ਕੇਸਾਂ, ਦੁਰਘਟਨਾਵਾਂ ਜਾਂ ਕਿਸੇ ਵੀ ਅਚਾਨਕ ਬਿਮਾਰੀ ਦੀ ਸਥਿਤੀ ਵਿੱਚ ਲੋਕਾਂ ਨੂੰ ਮਜਬੂਰਨ ਪ੍ਰਾਈਵੇਟ ਹਸਪਤਾਲਾਂ ਵੱਲ ਭੱਜਣਾ ਪੈਂਦਾ ਹੈ ਜਾਂ ਨਵਾਂਸ਼ਹਿਰ ਜਾਣ ਲਈ ਮਜਬੂਰ ਹੋਣਾ ਪੈਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਬਿਮਾਰੀ ਸਮਾਂ ਦੇਖ ਕੇ ਨਹੀਂ ਆਉਂਦੀ। ਜੇਕਰ ਦੇਰ ਸ਼ਾਮ ਕਿਸੇ ਬਜ਼ੁਰਗ ਜਾਂ ਬੱਚੇ ਦੀ ਤਬੀਅਤ ਵਿਗੜ ਜਾਵੇ, ਤਾਂ ਮੀਲਾਂ ਦਾ ਸਫ਼ਰ ਤੈਅ ਕਰਨਾ ਗਰੀਬ ਪਰਿਵਾਰਾਂ ਲਈ ਆਰਥਿਕ ਬੋਝ ਅਤੇ ਸਮੇਂ ਦੀ ਬਰਬਾਦੀ ਬਣ ਜਾਂਦਾ ਹੈ।
ਜਦੋਂ ਇਸ ਸਬੰਧੀ ਡਿਪਟੀ ਮੈਡੀਕਲ ਕਮਿਸ਼ਨਰ ਨਵਾਂਸ਼ਹਿਰ ਡਾ. ਹਰਪ੍ਰੀਤ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿਵਲ ਸਰਜਨ ਦੇ ਹੁਕਮਾਂ ਅਨੁਸਾਰ ਇੱਥੇ ਐਮਰਜੈਂਸੀ ਸੇਵਾਵਾਂ ਬੰਦ ਹਨ। ਇਸ ਬਾਰੇ ਜਦੋਂ ਸਿਵਲ ਸਰਜਨ ਨਵਾਂਸ਼ਹਿਰ ਡਾ. ਗੁਰਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ, ਤਾਂ ਉਨ੍ਹਾਂ ਮੰਨਿਆ ਕਿ ਸਟਾਫ਼ ਨਰਸਾਂ ਦੀ ਘਾਟ ਕਾਰਨ ਐਮਰਜੈਂਸੀ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਸਮੱਸਿਆ ਦਾ ਹੱਲ ਜਲਦ ਹੀ ਕਰ ਦਿੱਤਾ ਜਾਵੇਗਾ।
