ਪੰਜਾਬੀ ਸੱਥ ਲਾਂਬੜਾ ਵੱਲੋਂ ਸ਼ਹੀਦ ਬਾਬਾ ਖੁਸ਼ਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਲਈ ਬਣਾਏ ਸਾਡੀ ਵਿਰਾਸਤ ਭਵਨ ਵਿੱਚ ਪੰਜਾਬੀ ਸੱਭਿਆਚਾਰ ਦਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ। ਇਸ ਨੂੰ ਦੇਖਣ ਉਪਰੰਤ ਸ੍ਰੀ ਭੈਣੀ ਸਾਹਿਬ ਤੋਂ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਨੇ ਕਿਹਾ ਕਿ ਪੰਜਾਬੀ ਵਿਰਾਸਤ ਨੂੰ ਸੰਭਾਲਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਬਲਾ ਮਾਰਨਾ ਚਾਹੀਦਾ ਹੈ। ਇਸ ਨਾਲ ਸਾਡੀ ਅਲੋਪ ਹੋ ਰਹੀ ਵਿਰਾਸਤ ਨੂੰ ਅਜਿਹੇ ਵਿਰਾਸਤ ਭਵਨ ਬਣਾ ਕੇ ਅਗਲੀ ਪੀੜ੍ਹੀ ਤੱਕ ਵਿਰਾਸਤੀ ਚੀਜ਼ਾਂ ਪਹੁੰਚਾਉਣ ਲਈ ਪੰਜਾਬੀ ਸੱਥ ਨੇ ਸ਼ਲਾਘਾਯੋਗ ਕਦਮ ਚੁੱਕਿਆ ਹੈ।
ਇਸ ਮੌਕੇ ਪੰਜਾਬੀ ਸੱਥ ਦੇ ਸਰਪ੍ਰਸਤ ਡਾ. ਨਿਰਮਲ ਸਿੰਘ ਨੇ ਕਿਹਾ ਕਿ ਨਾਮਧਾਰੀ ਸੰਪਰਦਾ ਦੇ ਮੁਖੀ ਨੇ ਸਭ ਤੋਂ ਪਹਿਲਾਂ ਸਵਦੇਸ਼ੀ ਲਹਿਰ ਚਲਾ ਕੇ ਹਿੰਦੁਸਤਾਨ ਵਿੱਚ ਅੰਗਰੇਜ਼ਾਂ ਦੀਆਂ ਬਣਾਈਆਂ ਚੀਜ਼ਾਂ ਦਾ ਬਾਈਕਾਟ ਕੀਤਾ ਸੀ। ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਨਾਮਧਾਰੀ ਸੰਪਰਦਾ ਹਮੇਸ਼ਾ ਹੀ ਬਾਕੀਆਂ ਨਾਲੋਂ ਇਕ ਕਦਮ ਅੱਗੇ ਰਹੀ ਹੈ। ਇਨ੍ਹਾਂ ਵੱਲੋਂ ਪੀਣ ਵਾਲੇ ਪਾਣੀ ਲਈ ਨਹਿਰਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦਿਆਂ ਆਪਣੇ ਤੌਰ ’ਤੇ ਖੂਹ ਲਗਾ ਕੇ ਪੀਣ ਯੋਗ ਅਤੇ ਫਸਲਾਂ ਲਈ ਪਾਣੀ ਵਰਤਿਆ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਇਸੇ ਸੰਪਰਦਾ ਵੱਲੋਂ ਬਾਲ ਵਿਆਹ ਨਾ ਕਰਨ ਲਈ ਲੋਕਾਂ ਵਿੱਚ ਜਾਗਰਤੀ ਲਿਆਉਣ ਦੇ ਨਾਲ ਵਿਧਵਾ ਔਰਤਾਂ ਦੇ ਵਿਆਹ ਕਰਵਾਉਣ ਲਈ ਸਮਾਜ ਵਿੱਚ ਜਾਗਰਤੀ ਲਿਆਂਦੀ ਸੀ। ਇਸ ਮੌਕੇ ਮਾਤਾ ਗੁਰਸ਼ਰਨ ਕੌਰ, ਬਲਵਿੰਦਰ ਸਿੰਘ ਝੱਲ, ਬਲਦੇਵ ਸਿੰਘ, ਸੁਖਦੇਵ ਸਿੰਘ ਮੌਜੂਦ ਸਨ।

