Punjab Youth Politics: ਵਾਰਿਸ ਪੰਜਾਬ ਬੁੱਲ੍ਹੋਵਾਲ ਤੇ ਟਾਂਡਾ ਉੁੜਮੁੜ ’ਚ ਸਰਗਰਮ
ਕਾਰਜਕਾਰੀ ਪ੍ਰਧਾਨ ਨੇ ਟਾਂਡਾ ਉੜਮੁੜ ’ਚ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ
ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਖਾਲਸਾ, ਦੋਆਬਾ ਜ਼ੋਨ ਇੰਚਾਰਜ ਪਰਮਜੀਤ ਸਿੰਘ ਜੌਹਲ ਅਤੇ ਪੰਜਾਬ ਯੂਥ ਪ੍ਰਧਾਨ ਸੁਖਦੇਵ ਸਿੰਘ ਕਾਦੀਆਂ ਨੇ ਅੱਜ ਬੁੱਲ੍ਹੋਵਾਲ ਅਤੇ ਟਾਂਡਾ ਉੁੜਮੁੜ ਵਿਖੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਨਾਲ ਸੂਬਾ ਕਮੇਟੀ ਮੈਂਬਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪੰਜ ਮੈਂਬਰੀ ਕਮੇਟੀ ਪ੍ਰਧਾਨ ਅਮਰਜੀਤ ਸਿੰਘ ਵਨਚੜੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਬਾਅਦ ਵਿਚ ਉਨ੍ਹਾਂ ਨੇ ਟਾਂਡਾ ਉੜਮੁੜ ਵਿਖੇ ਪਾਰਟੀ ਦਫ਼ਤਰ ਦਾ ਉਦਘਾਟਨ ਵੀ ਕੀਤਾ। ਪ੍ਰਮੁੱਖ ਆਗੂਆਂ ਨੇ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਮੁੱਖ ਏਜੰਡੇ ਉੱਪਰ ਪਹਿਲ ਦੇ ਆਧਾਰ ’ਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ, ਪੰਜਾਬ ਨੂੰ ਨਸ਼ਾ ਮੁਕਤ ਕਰ ਕੇ ਭਟ ਕੇ ਨੌਜਵਾਨਾਂ ਨੂੰ ਲੀਹਾਂ ’ਤੇ ਲਿਆ ਕੇ ਪੰਜਾਬੀ ਸੱਭਿਆਚਾਰ ਨਾਲ ਜੋੜਨਾ ਅਤੇ ਬੇਰੁਜ਼ਗਾਰੀ ਦਾ ਹੱਲ ਕਰਨਾ ਹੈ। ਉਨ੍ਹਾਂ ਨੇ ਹਾਜ਼ਰ ਸੰਗਤ ਨੂੰ ਪਾਰਟੀ ਦੀ ਵਿਚਾਰਧਾਰਾ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਇਕੱਠੇ ਹੋਏ ਵੱਡੀ ਗਿਣਤੀ ਵਿਚ ਸਮਰਥਕਾਂ ਨੇ ਪਾਰਟੀ ਪ੍ਰਤੀ ਆਪਣਾ ਸਮਰਥਨ ਜਤਾਇਆ। ਸਮਾਗਮ ਵਿੱਚ ਪਾਰਟ ਦੇ ਆਈ ਟੀ ਸੈੱਲ ਇੰਚਾਰਜ ਗੁਰਜੀਤ ਸਿੰਘ, ਯੂਥ ਪ੍ਰਧਾਨ ਸੁਖਵਿੰਦਰ ਸਿੰਘ ਨੂਰਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮਨਜਿੰਦਰ ਰੜ੍ਹਾ, ਮੀਤ ਪ੍ਰਧਾਨ ਮਨਦੀਪ ਤੱਗੜ, ਸਰਕਲ ਦਸੂਹਾ ਪ੍ਰਧਾਨ ਅਮਰੀਕ ਜਲੋਟਾ, ਸਰਕਲ ਕੰਧਾਲਾ ਜੱਟਾਂ ਪ੍ਰਧਾਨ ਜਸਵਿੰਦਰ ਚੌਹਾਨ ਅਤੇ ਹੋਰ ਆਗੂ ਤੇ ਵਰਕਰ ਮੌਜੂਦ ਸਨ।

