Punjab Stone Crusher: ਵਣ ਵਿਭਾਗ ਵੱਲੋਂ ਨਾਜਾਇਜ਼ ਐਲਾਨੇ ਸਟੋਨ ਕਰੱਸ਼ਰ ਵੱਲੋਂ ਪੰਚਾਇਤ ਦੀ 150 ਕਨਾਲ ਜ਼ਮੀਨ ’ਤੇ ਖਣਨ
ਕਰੱਸ਼ਰ ਨੂੰ ਬੰਦ ਕਰਨ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਹੈ: DMO ਹੁਸ਼ਿਆਰਪੁਰ
Punjab Stone Crusher: ਇੱਥੇ ਨੇੜਲੇ ਪਿੰਡ ਅਮਰੋਹ ਵਿਚ ਵਣ ਵਿਭਾਗ ਵੱਲੋਂ ਨਾਜਾਇਜ਼ ਐਲਾਨੇ ਸਟੋਨ ਕਰਸ਼ਰ ਨੇ ਪੰਚਾਇਤ ਦੀ 150 ਕਨਾਲ ਜ਼ਮੀਨ ਪੁੱਟ ਲਈ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਪਿੰਡ ਅਮਰੋਹ ਦੇ ਸਾਬਕਾ ਸਰਪੰਚ ਤੇ ਸਾਬਕਾ ਬਲਾਕ ਸਮਿਤੀ ਮੈਂਬਰ ਅਤੇ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਮੈਂਬਰ ਨਰੇਸ਼ ਕੁਮਾਰ ਨੀਤੂ ਨੇ ਦੱਸਿਆ ਕਿ ਪਿੰਡ ਅਮਰੋਹ ਦੇ ਬੰਨ੍ਹੇ ਉੱਤੇ ਕਰੱਸ਼ਰ ਹੈ, ਜਿਸ ਨੂੰ ਵਣ ਮੰਡਲ ਦਸੂਹਾ ਨੇ PLPA 1900 ਦੀ ਦਫ਼ਾ 4 ਤਹਿਤ ਨਾਜਾਇਜ਼ ਐਲਾਨਿਆ ਹੈ, ਇਸ ਨੂੰ ਬੰਦ ਕਰਨ ਲਈ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਮਿਤੀ 13/01/2026 ਨੂੰ ਪੱਤਰ ਲਿਖ ਕੇ ਬੰਦ ਕਰਨ ਦੀ ਮੰਗ ਕੀਤੀ ਸੀ ਪਰ ਇਹ ਅੱਜ ਵੀ ਚੱਲ ਰਿਹਾ ਹੈ।
DMO ਹੁਸ਼ਿਆਰਪੁਰ ਤੁਸ਼ਾਰ ਗੋਇਲ ਨੇ ਕਿਹਾ ਕਿ ਕਰੱਸ਼ਰ ਨੂੰ ਬੰਦ ਕਰਨ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਹੈ।
ਜਲਦੀ ਫਾਈਲ ਕਢਵਾ ਕੇ ਕਾਰਵਾਈ ਕੀਤੀ ਜਾਵੇਗੀ: ਐਕਸੀਅਨ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਨਿਖਿਲ ਗੁਪਤਾ ਨੇ ਕਿਹਾ ਕਿ ਉਹ ਇਸ ਸੀਟ ’ਤੇ ਹੁਣੇ ਆਏ ਹਨ, ਉਨ੍ਹਾਂ ਫਾਈਲ ਕੱਢਵਾ ਕੇ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਹੁਰਾਂ ਵੱਲੋਂ ਫੋਨ ਨਾ ਚੁੱਕਣ ਕਾਰਨ ਗੱਲ ਨਹੀਂ ਹੋ ਸਕੀ।

