ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੱਡੇ ਪੱਧਰ ’ਤੇ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਦੀ ਮੁੱਢਲੀ ਜਾਂਚ ਸੀ ਬੀ ਆਈ (CBI) ਨੂੰ ਸੌਂਪ ਦਿੱਤੀ ਹੈ। ਹਾਈ ਕੋਰਟ ਦੇ ਮੁੱਖ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਨਿਰਦੇਸ਼ ਦਿੱਤੇ ਹਨ ਕਿ ਸੀ ਬੀ ਆਈ ਇਸ ਖੇਤਰ ਵਿੱਚ ਡਰੋਨ ਸਰਵੇ ਕਰਵਾਏ ਅਤੇ ਗੂਗਲ ਅਰਥ ਜਾਂ ਇਸਰੋ (ISRO) ਤੋਂ 3ਡੀ ਸੈਟੇਲਾਈਟ ਤਸਵੀਰਾਂ ਹਾਸਲ ਕਰੇ, ਤਾਂ ਜੋ ਸਮੇਂ ਸਿਰ ਨੁਕਸਾਨ ਦਾ ਪਤਾ ਲਗਾਇਆ ਜਾ ਸਕੇ।
ਹਾਈ ਕੋਰਟ ’ਚ ਰਾਹੁਲ ਮਨਚੰਦਾ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਤੇ ਸੁਣਵਾਈ ਮਗਰੋਂ ਸੀ ਬੀ ਆਈ ਜਾਂਚ ਕਰਾਏ ਜਾਣ ਦਾ ਫ਼ੈਸਲਾ 18 ਸਤੰਬਰ ਨੂੰ ਸੁਣਾਇਆ ਗਿਆ, ਪ੍ਰੰਤੂ ਇਹ ਫ਼ੈਸਲਾ ਹੁਣ ਜਨਤਕ ਹੋਇਆ ਹੈ। ਅਦਾਲਤ ਨੇ ਹੁਸ਼ਿਆਰਪੁਰ ਦੇ ਖੇਤਰ ਵਿੱਚ ਪਹਾੜਾਂ ਤੱਕ ਨੂੰ ਖੋਦਣ ਦਾ ਨੋਟਿਸ ਲਿਆ ਹੈ, ਜਿਸ ਨੂੰ ਵਿਭਾਗ ਰੋਕਣ ਵਿੱਚ ਫ਼ੇਲ੍ਹ ਰਹੇ ਹਨ। ਅਦਾਲਤ ਨੇ ਖਣਨ ਅਤੇ ਭੂ-ਵਿਗਿਆਨ ਵਿਭਾਗ (ਹੁਸ਼ਿਆਰਪੁਰ ਡਿਵੀਜ਼ਨ) ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋ ਰਹੀ ਮਾਈਨਿੰਗ ਨੂੰ ਗੰਭੀਰਤਾ ਨਾਲ ਲਿਆ ਹੈ।
ਬੈਂਚ ਨੇ ਕਿਹਾ ਕਿ ਇਸ ਸਮੁੱਚੀ ਜਾਂਚ ਦਾ ਖ਼ਰਚਾ ਪੰਜਾਬ ਸਰਕਾਰ ਚੁੱਕੇਗੀ ਅਤੇ ਸੀ ਬੀ ਆਈ ਆਪਣੀ ਜਾਂਚ ਰਿਪੋਰਟ ਸੀਲਬੰਦ ਲਿਫ਼ਾਫ਼ੇ ਵਿੱਚ 7 ਦਸੰਬਰ ਤੱਕ ਅਦਾਲਤ ਵਿੱਚ ਪੇਸ਼ ਕਰੇਗੀ। ਸੁਣਵਾਈ ਦੌਰਾਨ ਸਾਹਮਣੇ ਆਇਆ ਕਿ ਡੀ ਐੱਲ ਐੱਸ ਏ (DLSA) ਦੇ ਸਕੱਤਰ ਦੀ ਨਿਰੀਖਣ ਰਿਪੋਰਟ ਅਨੁਸਾਰ ਹੁਸ਼ਿਆਰਪੁਰ ਦੇ ਕਈ ਪਿੰਡਾਂ ਵਿੱਚ 20 ਤੋਂ 110 ਫੁੱਟ ਤੱਕ ਡੂੰਘੀ ਖ਼ੁਦਾਈ ਕੀਤੀ ਗਈ ਹੈ ਅਤੇ ਜਾਂਚ ਟੀਮ ਨੂੰ ਗੁਮਰਾਹ ਕਰਨ ਅਤੇ ਸਹੀ ਜਗ੍ਹਾ ’ਤੇ ਪਹੁੰਚਣ ਤੋਂ ਰੋਕਣ ਲਈ ਅੜਿੱਕੇ ਖੜ੍ਹੇ ਕੀਤੇ ਗਏ। ਜਾਂਚ ਟੀਮ ਦੇ ਪਹੁੰਚਣ ਦੀ ਖ਼ਬਰ ਲੀਕ ਹੋਣ ਕਰਕੇ ਸਟੋਨ ਕਰੈਸ਼ਰ ਵਾਲੀ ਮਸ਼ੀਨਰੀ ਛੱਡ ਕੇ ਸਭ ਭੱਜ ਗਏ।
ਪਤਾ ਲੱਗਿਆ ਹੈ ਕਿ ਇੱਕ ਮਾਈਨਿੰਗ ਡਾਇਰੈਕਟਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ 104 ਨਵੇਂ ਸਟੋਨ ਕਰੈਸ਼ਰਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਇਨ੍ਹਾਂ ਵਿੱਚੋਂ 23 ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਨ। ਕੌਮੀ ਗ੍ਰੀਨ ਟ੍ਰਿਬਿਊਨਲ (NGT) ਦੇ ਨਿਰਦੇਸ਼ਾਂ ਦੀ ਉਲੰਘਣਾ ਕਰਕੇ ਇਹ ਪ੍ਰਵਾਨਗੀਆਂ ਦਿੱਤੀਆਂ ਗਈਆਂ।

