Punjab Illegal Mining: ਸੀ ਬੀ ਆਈ ਦੀ ਟੀਮ ਵੱਲੋਂ ਕੰਢੀ ਖੇਤਰ ਦੇ ਸਟੋਨ ਕਰੱਸ਼ਰਾਂ ਦਾ ਦੌਰਾ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੱਡੇ ਪੱਧਰ ’ਤੇ ਹੋ ਰਹੀ ਗ਼ੈਰ-ਕਾਨੂੰਨੀ ਖਣਨ ਦੀ ਮੁੱਢਲੀ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ ਸੀ
ਕੇਂਦਰੀ ਜਾਂਚ ਏਜੰਸੀ (CBI) ਦੀ ਟੀਮ ਵੱਲੋਂ ਤਲਵਾੜਾ ਅਤੇ ਆਸ-ਪਾਸ ਦੇ ਕੰਢੀ ਖ਼ੇਤਰ ਵਿੱਚ ਗ਼ੈਰ-ਕਾਨੂੰਨੀ ਖਣਨ (ਮਾਈਨਿੰਗ) ਦੇ ਮਾਮਲੇ ਸਬੰਧੀ ਵਿਸ਼ੇਸ਼ ਦੌਰਾ ਕੀਤਾ ਗਿਆ। ਜਾਂਚ ਦੌਰਾਨ ਸੀ.ਬੀ.ਆਈ. ਦੀ ਟੀਮ ਨੇ ਇਲਾਕੇ ਦੇ ਮਾਸਟਰ ਸਟੋਨ ਕਰੱਸ਼ਰ ਸਮੇਤ ਹੋਰ ਮਾਈਨਿੰਗ ਵਾਲੀਆਂ ਥਾਵਾਂ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਜਾਂਚ ਟੀਮ ਦੇ ਇਸ ਦੌਰੇ ਤੋਂ ਬਾਅਦ ਇਲਾਕੇ ਦੇ ਸਟੋਨ ਕਰਸ਼ਰ ਮਾਲਕਾਂ ਅਤੇ ਖਣਨ ਕਾਰੋਬਾਰੀਆਂ ਵਿੱਚ ਹੜਕੰਪ ਮਚ ਗਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੀਤੇ ਦਿਨੀਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੱਡੇ ਪੱਧਰ ’ਤੇ ਹੋ ਰਹੀ ਗ਼ੈਰ-ਕਾਨੂੰਨੀ ਖਣਨ ਦੀ ਮੁੱਢਲੀ ਜਾਂਚ ਸੀ ਬੀ ਆਈ ਨੂੰ ਸੌਂਪ ਦਿੱਤੀ ਸੀ। ਹਾਈ ਕੋਰਟ ਦੇ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਨਿਰਦੇਸ਼ ਦਿੱਤੇ ਸਨ ਕਿ ਸੀ ਬੀ ਆਈ ਇਸ ਖੇਤਰ ’ਚ ਡਰੋਨ ਸਰਵੇ ਕਰਵਾਏ। ਡਰੋਨ ਸਰਵੇਖਣ ਜਾਂ ਸੈਟੇਲਾਈਟ ਰਾਹੀਂ ਤਸਵੀਰਾਂ ਹਾਸਿਲ ਕਰਨ ’ਤੇ ਆਉਣ ਵਾਲਾ ਪੂਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।
ਸੀ ਬੀ ਆਈ ਆਪਣੀ ਰਿਪੋਰਟ 7 ਦਸੰਬਰ ਤੱਕ ਅਦਾਲਤ ’ਚ ਪੇਸ਼ ਕਰੇਗੀ। ਹਾਈ ਕੋਰਟ ’ਚ ਰਾਹੁਲ ਮਨਚੰਦਾ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ’ਤੇ ਸੁਣਵਾਈ ਮਗਰੋਂ ਸੀ ਬੀ ਆਈ ਜਾਂਚ ਕਰਾਏ ਜਾਣ ਦਾ ਫ਼ੈਸਲਾ 18 ਸਤੰਬਰ ਨੂੰ ਸੁਣਾਇਆ ਗਿਆ।
ਪਟੀਸ਼ਨ ਵਿਚ ਗ਼ੈਰ-ਕਾਨੂੰਨੀ ਖਣਨ ਬਾਰੇ ਪੇਸ਼ ਕੀਤੇ ਸਬੂਤਾਂ ਨੂੰ ਜਾਂਚਣ ਤੋਂ ਬਾਅਦ ਅਦਾਲਤ ਨੇ ਪਿਛਲੇ ਮਹੀਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਹੁਸ਼ਿਆਰਪੁਰ ਨਾਲ ਸਬੰਧਤ ਥਾਵਾਂ ਦਾ ਨਿਰੀਖਣ ਕਰ ਕੇ ਹਫ਼ਤੇ ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਸਨ। ਰਿਪੋਰਟ ’ਚ ਜ਼ਿਲ੍ਹੇ ਦੇ ਕਈ ਪਿੰਡਾਂ ਵਿਚ ਵੱਡੇ ਪੱਧਰ ’ਤੇ ਗ਼ੈਰ-ਕਾਨੂੰਨੀ ਖਣਨ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਕਈ ਥਾਵਾਂ ’ਤੇ 20 ਤੋਂ 110 ਫੁੱਟ ਤੱਕ ਖਣਨ ਕੀਤੀ ਪਾਈ ਗਈ।
ਰਿਪੋਰਟ ’ਚ ਜ਼ਿਕਰ ਹੈ ਕਿ ਜਾਂਚ ਟੀਮ ਦੇ ਕੰਮ ਵਿਚ ਅੜਿੱਕੇ ਪਾਉਣ ਲਈ ਉਨ੍ਹਾਂ ਨੂੰ ਗ਼ਲਤ ਪਾਸੇ ਲਿਜਾਣ ਅਤੇ ਰਸਤੇ ਬੰਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਦੇ ਬਾਵਜੂਦ ਟੀਮ ਨੂੰ ਕਈ ਸਟੋਨ ਕਰੱਸ਼ਰਾਂ ’ਤੇ ਖਣਨ ਸਮੱਗਰੀ ਦੇ ਤਾਜ਼ਾ ਢੇਰ ਮਿਲੇ, ਹਾਲਾਂਕਿ ਸਟਾਫ ਟਿੱਪਰ ਅਤੇ ਜੇ ਸੀ ਬੀ ਮਸ਼ੀਨਾਂ ਮੌਕੇ ’ਤੇ ਛੱਡ ਕੇ ਭੱਜ ਗਏ। ਰਿਪੋਰਟ ’ਚ ਇਹ ਖਦਸ਼ਾ ਵੀ ਜਤਾਇਆ ਗਿਆ ਕਿ ਜਾਂਚ ਦੀ ਜਾਣਕਾਰੀ ਖਣਨ ਮਾਫੀਆ ਤੱਕ ਪਹੁੰਚਾ ਦਿੱਤੀ ਗਈ ਸੀ।
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਰਿਪੋਰਟ ਵਿਚ ਦਰਸਾਏ ਤੱਥਾਂ ਦਾ ਗੰਭੀਰ ਨੋਟਿਸ ਲੈਂਦਿਆਂ ਅਦਾਲਤ ਨੇ ਜਾਂਚ ਸੀ ਬੀ ਆਈ ਨੂੰ ਸੌਂਪੀ ਹੈ। ਸੂਬਾ ਸਰਕਾਰ ਵਲੋਂ ਦਾਇਰ ਹਲਫ਼ਨਾਮੇ ’ਚ ਦਾਅਵਾ ਕੀਤਾ ਗਿਆ ਕਿ ਮਨਜ਼ੂਰਸ਼ੁਦਾ ਖਣਨ ਥਾਵਾਂ ਅਤੇ ਕਰੱਸ਼ਰ ਵਾਲੀਆਂ ਥਾਵਾਂ ’ਚੋਂ ਕੋਈ ਵੀ ਚਾਲੂ ਹਾਲਤ ਵਿਚ ਨਹੀਂ ਹੈ। ਹਲਫ਼ਨਾਮੇ ’ਚ ਕੱਚੇ ਮਾਲ ਦੇ ਸਰੋਤਾਂ ਬਾਰੇ ਅਦਾਲਤ ਨੂੰ ਤਸੱਲੀਬਖਸ਼ ਜਾਣਕਾਰੀ ਨਹੀਂ ਦਿੱਤੀ ਗਈ ਸੀ। ਅਦਾਲਤ ਨੇ ਸੀ ਬੀ ਆਈ ਨੂੰ ਮਾਮਲੇ ਦੀ ਮੁਢਲੀ ਜਾਂਚ ਸੌਂਪਦਿਆਂ ਗ਼ੈਰ-ਕਾਨੂੰਨੀ ਖਣਨ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਛਾਣ ਕਰਨ ਲਈ ਕਿਹਾ ਹੈ। ਜਾਣਕਾਰੀ ਮਿਲੀ ਹੈ ਕਿ ਇਕ ਖਣਨ ਡਾਇਰੈਕਟਰ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ 104 ਨਵੇਂ ਸਟੋਨ ਕਰੱਸ਼ਰਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਇਨ੍ਹਾਂ ਵਿੱਚੋਂ 23 ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਨ। ਕੌਮੀ ਗਰੀਨ ਟ੍ਰਿਬਿਊਨਲ ਦੇ ਨਿਰਦੇਸ਼ਾਂ ਦੀ ਉਲੰਘਣਾ ਕਰ ਕੇ ਇਹ ਪ੍ਰਵਾਨਗੀਆਂ ਦਿੱਤੀਆਂ ਗਈਆਂ ਸਨ।

