Punjab Illegal Mining: ਸੀਬੀਆਈ ਜਾਂਚ ਟੀਮ ਹਾਜੀਪੁਰ ਪੁੱਜੀ
ਮਾਈਨਿੰਗ ਪ੍ਰਭਾਵਿਤ ਪਿੰਡ ਕੁੱਲੀਆਂ ਲੁਬਾਣਾ, ਨੌਸ਼ਹਿਰਾ ਸਿੰਬਲੀ ਤੇ ਜਿਉਣੋਵਾਲ ਦਾ ਦੌਰਾ ਕੀਤਾ
Punjab Illegal Mining: ਪੰਜਾਬ ਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਦੇ ਨਿਰਦੇਸ਼ਾਂ ’ਤੇ ਕੇਂਦਰੀ ਜਾਚ ਏਜੰਸੀ ਸੀਬੀਆਈ ਦੀ ਜਾਂਚ ਟੀਮ ਅੱਜ ਹਾਜੀਪੁਰ ਪੁੱਜੀ। ਜਾਂਚ ਟੀਮ ਨੇ ਮਾਈਨਿੰਗ ਪ੍ਰਭਾਵਿਤ ਨੌਸ਼ਹਿਰਾ ਸਿੰਬਲੀ, ਕੁੱਲੀਆਂ ਲੁਬਾਣਾ ਤੇ ਜਿਉਣੋ ਵਾਲ ਪਿੰਡਾਂ ਦਾ ਦੌਰਾ ਕੀਤਾ ਅਤੇ ਵਾਹੀਯੋਗ ਜ਼ਮੀਨਾਂ ’ਚ ਕੀਤੀ ਕਥਿਤ ਖੁਦਾਈ ਦਾ ਜਾਇਜ਼ਾ ਲਿਆ। ਜਾਂਚ ਟੀਮ ਨੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ।
ਪਿੰਡਾਂ ’ਚ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀਆਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਜਾਂਚ ਟੀਮ ਨੇ ਹਾਜੀਪੁਰ ਉਕਤ ਪਿੰਡਾਂ ’ਚ ਦਸਤਕ ਦਿੱਤੀ ਹੈ। ਜਾਂਚ ਟੀਮ ਦੇ ਨਾਲ ਸਥਾਨਕ ਮਾਲ, ਮਾਈਨਿੰਗ, ਪੁਲੀਸ ਤੇ ਸਬੰਧਤ ਹੋਰ ਵਿਭਾਗਾਂ ਦੇ ਮੁਲਾਜ਼ਮ ਮੌਜ਼ੂਦ ਸਨ। ਜਾਂਚ ਟੀਮ ਪਹਿਲਾਂ ਨੌੋਸ਼ਹਿਰਾ ਸਿੰਬਲੀ ਸਥਿਤ ਸਟੋਨ ਕਰੱਸ਼ਰ ’ਤੇ ਗਈ ਅਤੇ ਉਸ ਵੱਲੋਂ ਨੇੜਲੇ ਪਿੰਡਾਂ ’ਚ ਵਾਹੀਯੋਗ ਜ਼ਮੀਨਾਂ ’ਤੇ ਕੀਤੀ ਖੁਦਾਈ ਦੀ ਮਿਣਤੀ ਕੀਤੀ ਗਈ। ਉਪਰੰਤ ਜਾਂਚ ਟੀਮ ਨੇ ਪਿੰਡ ਜਿਉਣੋਵਾਲ ‘ਚ ਕੀਤੀ ਖੁਦਾਈ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੀਬੀਆਈ ਦੀ ਜਾਂਚ ਟੀਮ ਨੇ ਤਲਵਾੜਾ ਖ਼ੇਤਰ ਦੇ ਪਿੰਡ ਅਲੇਰਾ ਵਿਖੇ ਮਾਸਟਰ ਸਟੋਨ ਕਰੱਸ਼ਰ ਦਾ ਦੌਰਾ ਕਰਕੇ ਪੰਚਾਇਤ ਦੀ ਜ਼ਮੀਨ ’ਤੇ ਕੀਤੀ ਖੁਦਾਈ ਦੀ ਪੈਮਾਇਸ਼ ਕੀਤੀ ਸੀ।
ਇੱਥੇ ਦੱਸਣਯੋਗ ਹੈ ਕਿ ਹਾਜੀਪੁਰ ਦੇ ਦਰਜਨ ਤੋਂ ਵੱਧ ਪਿੰਡਾਂ ’ਚ ਕਰੱਸ਼ਰ ਕਾਰੋਬਾਰੀਆਂ ਨੇ ਸ਼ਾਸਨ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਵਾਹੀਯੋਗ ਜ਼ਮੀਨਾਂ ਵਿੱਚ 150 ਫੁੱਟ ਤੱਕ ਖੁਦਾਈ ਕੀਤੀ ਹੋਈ ਹੈ। ਇਨ੍ਹਾਂ ਪਿੰਡਾਂ ’ਚ ਕੋਈ ਖੱਡ ਨਹੀਂ ਪੈਂਦੀ ਪਰ ਮਾਈਨਿੰਗ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਪਿਛਲੇ ਕਰੀਬ 15 ਸਾਲ ਤੋਂ ਇੱਥੇ ਵਾਹੀਯੋਗ ਜ਼ਮੀਨਾਂ ਤਬਾਹ ਕਰਕੇ ਖੁਦਾਈ ਦਾ ਕੰਮ ਕੀਤਾ ਜਾ ਰਿਹਾ ਹੈ।
ਹਾਈਕੋਰਟ ਵੱਲੋਂ ਜਾਂਚ ਸੀਬੀਆਈ ਨੂੰ ਦੇਣ ਤੋਂ ਬਾਅਦ ਖ਼ੇਤਰ ’ਚ ਪਹਿਲੀ ਦਫ਼ਾ ਹੈ ਕਿ ਸਟੋਨ ਕਰੱਸ਼ਰ ਬੰਦ ਹੋਏ ਹਨ।
ਖ਼ਬਰ ਲਿਖੇ ਜਾਣ ਤੱਕ ਸੀਬੀਆਈ ਦੀ ਜਾਂਚ ਟੀਮ ਮਾਈਨਿੰਗ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ ਲੈ ਰਹੀ ਸੀ।

