DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਚਾਰ ਲੇਬਰ ਕੋਡ ਰੱਦ ਕਰਵਾਉਣ ਲਈ ਮੁਜ਼ਾਹਰੇ

ਜਲੰਧਰ ’ਚ ਟਰੇਡ ਯੂਨੀਅਨਾਂ ਅਤੇ ਭਰਾਤਰੀ ਜਥੇਬੰਦੀਆਂ ਨੇ ਕਾਲੇ ਝੰਡੇ ਲੈ ਕੇ ਰੋਸ ਪ੍ਰਗਟਾਇਆ

  • fb
  • twitter
  • whatsapp
  • whatsapp
featured-img featured-img
ਜਲੰਧਰ ਵਿੱਚ ਮੁਜ਼ਾਹਰੇ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ ਆਗੂ।
Advertisement

ਇੰਡੀਅਨ ਫੈੱਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ), ਸੀ ਟੀ ਯੂ, ਏਟਕ ਸਮੇਤ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਉੱਤੇ ਪੰਜਾਬ ਦੀਆਂ ਟਰੇਡ ਯੂਨੀਅਨਾਂ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਪੰਜਾਬ ਦੀਆਂ ਬਹੁਤ ਸਾਰੀਆਂ ਥਾਵਾਂ ਉੱਤੇ ਕਾਲਾ ਦਿਵਸ ਮਨਾਇਆ ਗਿਆ। ਇਸ ਮੌਕੇ ਟਰੇਡ ਯੂਨੀਅਨਾਂ ਵੱਲੋਂ ਚਾਰ ਲੇਬਰ ਕੋਡਾਂ, ਵਿਕਸਤ ਭਾਰਤ ਜੀ ਰਾਮ ਜੀ ਕਾਨੂੰਨ, ਬਿਜਲੀ ਸੋਧ ਬਿੱਲ 2025 ਅਤੇ ਨਿੱਜੀਕਰਨ ਵਿਰੁੱਧ ਅੱਜ ਦੇਸ਼ ਭਗਤ ਯਾਦਗਾਰ ਹਾਲ ਵਿੱਚ ਰੈਲੀ ਕਰਨ ਉਪਰੰਤ ਪ੍ਰੈੱਸ ਕਲੱਬ ਤੱਕ ਕਾਲੇ ਝੰਡਿਆਂ ਨਾਲ ਸ਼ਹਿਰ ਵਿੱਚ ਮੁਜ਼ਾਹਰਾ ਕੀਤਾ ਗਿਆ।

ਇਸ ਮੌਕੇ ਸੀ ਟੀ ਯੂ ਦੇ ਹਰੀਮੁਨੀ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਕਸ਼ਮੀਰ ਸਿੰਘ ਘੁੱਗਸ਼ੋਰ ਅਤੇ ਏਟਕ ਦੇ ਪਲਵਿੰਦਰ ਸਿੰਘ ਪਲਪੋਤਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਦੇਸੀ-ਵਿਦੇਸ਼ੀ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਵਰਗੇ ਜਮਹੂਰੀ ਹੱਕ ਖੋਹਣ ਲਈ ਮਜ਼ਦੂਰ ਪੱਖੀ 29 ਲੇਬਰ ਕਾਨੂੰਨਾਂ ਨੂੰ ਖ਼ਤਮ ਕਰ ਕੇ ਚਾਰ ਲੇਬਰ ਕੋਡ ਲੈ ਕੇ ਆਈ ਹੈ।

Advertisement

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਨ੍ਹਾਂ ਚਾਰ ਲੇਬਰ ਕੋਡਾਂ ਨੂੰ ਪਹਿਲੀ ਅਪਰੈਲ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਕੋਲ ਆਪਣੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਅਤੇ ਪ੍ਰਾਪਤ ਕਰਨ ਲਈ ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦਾ ਜਮਹੂਰੀ ਅਧਿਕਾਰ ਖ਼ਤਮ ਹੋ ਜਾਵੇਗਾ। ਕੰਮ ਦਾ ਮਿਹਨਤਾਨਾ ਵਧਾਉਣ ਦੀ ਥਾਂ ਕੰਮ ਘੰਟੇ 8 ਤੋਂ 12 ਘੰਟੇ ਦੀ ਦਿਹਾੜੀ ਹੋਵੇਗੀ।ਇਸ ਮੌਕੇ ਸੀ ਟੀ ਯੂ ਤੋਂ ਸੁਜਾਤਾ ਸ਼ੁਕਲਾ, ਏਟਕ ਦੇ ਰਛਪਾਲ ਕੈਲੇ ਤੇ ਵੀਰ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਹੰਸ ਰਾਜ ਪੱਬਵਾਂ ਅਤੇ ਗੁਰਬਖਸ਼ ਕੌਰ ਸਾਦਿਕਪੁਰ ਨੇ ਵੀ ਸੰਬੋਧਨ ਕੀਤਾ।

Advertisement

ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਇਫਟੂ ਸਮੇਤ ਪੰਜਾਬ ਦੀਆਂ ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਕਾਲਾ ਦਿਵਸ ਮਨਾਇਆ ਗਿਆ। ਡੈਮੋਕਰੈਟਿਕ ਮੁਲਾਜ਼ਮ ਫੈੱਡਰੇਸ਼ਨ ਦੀ ਜ਼ਿਲ੍ਹਾ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਇਸਲਾਮਾਬਾਦ ਵਿੱਚ ਕਾਲਾ ਦਿਵਸ ਮਨਾਇਆ ਗਿਆ, ਜਿਸ ਨੂੰ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਡੀ ਟੀ ਐੱਫ ਦੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ, ਡੈਮੋਕਰੈਟਿਕ ਆਸ਼ਾ ਵਰਕਰ ਯੂਨੀਅਨ ਦੀ ਸੂਬਾ ਆਗੂ ਪਰਮਜੀਤ ਕੌਰ ਮਾਨ ਨੇ ਸੰਬੋਧਨ ਕੀਤਾ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮਗਨਰੇਗਾ ਦੀ ਥਾਂ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਲੈ ਕੇ ਆਈ ਹੈ ਜਿਸ ਨਾਲ ਮਜ਼ਦੂਰਾਂ ਨੂੰ ਪਹਿਲਾਂ ਮਿਲਦਾ ਕੰਮ ਵੀ ਉਨ੍ਹਾਂ ਕੋਲੋਂ ਖੋਹਣ ਦੀਆਂ ਤਿਆਰੀਆਂ ਹਨ। ਡੈਮੋਕਰੈਟਿਕ ਮੁਲਾਜ਼ਮ ਫੈੱਡਰੇਸ਼ਨ ਨੇ ਕਿਹਾ ਕਿ ਮਿਹਨਤਕਸ਼ ਲੋਕ ਮੋਦੀ ਸਰਕਾਰ ਦੇ ਅਜਿਹੇ ਲੋਕ ਵਿਰੋਧੀ ਕਾਨੂੰਨਾਂ ਨੂੰ ਸਹਿਣ ਨਹੀਂ ਕਰਨਗੇ।

ਤਰਨ ਤਾਰਨ (ਗੁਰਬਖਸ਼ਪੁਰੀ): ਕੇਂਦਰ ਸਰਕਾਰ ਵੱਲੋਂ 29 ਕਿਰਤ ਕਾਨੂੰਨਾਂ ਨੂੰ ਖਤਮ ਕਰ ਕੇ ਅੱਜ ਤੋਂ ਦੇਸ਼ ਅੰਦਰ ਲਾਗੂ ਕੀਤੇ ਚਾਰ ਲੇਬਰ ਕੋਡ ਖ਼ਿਲਾਫ਼ ਜ਼ਿਲ੍ਹੇ ਅੰਦਰ ਮੁਲਾਜ਼ਮਾਂ, ਮਜ਼ਦੂਰਾਂ ਅਤੇ ਮਿਹਨਤੀ ਵਰਗਾਂ ਨੇ ਰੋਸ ਮੁਜ਼ਾਹਰੇ ਕੀਤੇ ਅਤੇ ਕੇਂਦਰ ਸਰਕਾਰ ਦੀ ਇਸ ਕਾਰਵਾਈ ਨੂੰ ਮਜ਼ਦੂਰ ਵਰਗਾਂ ਲਈ ਨਿਖੇਧੀਜਨਕ ਕਾਰਵਾਈ ਆਖਿਆ। ਇਸ ਮੌਕੇ ਪਾਵਰਕੌਮ ਦੇ ਸਰਕਲ ਦਫਤਰ ਅੱਗੇ ਇਕੱਠੇ ਹੋਏ ਮੁਲਾਜ਼ਮਾਂ ਅਤੇ ਪੈਨਸ਼ਨਰ ਨੂੰ ਜਥੇਬੰਦੀਆਂ ਦੇ ਆਗੂ ਗੁਰਪ੍ਰੀਤ ਸਿੰਘ ਗੱਡੀਵਿੰਡ, ਗੁਰਭੇਜ ਸਿੰਘ ਢਿੱਲੋਂ, ਹਰਦੇਵ ਸਿੰਘ ਨਾਗੋਕੇ, ਕੁਲਵਿੰਦਰ ਸਿੰਘ ਬਾਗੜੀਆਂ, ਪੂਰਨ ਦਾਸ, ਲਖਬੀਰ ਸਿੰਘ ਰੈਸ਼ੀਆਣਾ, ਕੰਵਲਜੀਤ ਕੌਰ, ਅਜਮੇਰ ਸਿੰਘ ਤੇ ਸਵਰਨ ਸਿੰਘ ਕੁਹਾੜਕਾ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰ ਨੂੰ ਮਹਿੰਗਾਈ ਭੱਤਾ ਦੇਣ ਲਈ ਸਰਕਾਰ ਵੱਲੋਂ ਪਾਬੰਦ ਨਾ ਹੋਣ ਦੇ ਅਦਾਲਤ ਵਿੱਚ ਦਿੱਤੇ ਹਲਫ਼ਨਾਮੇ ਨੂੰ ਵੀ ਮੁਲਾਜ਼ਮ ਵਿਰੋਧੀ ਕਾਰਵਾਈ ਕਿਹਾ। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਵੀ 29 ਕਿਰਤ ਕਾਨੂੰਨਾਂ ਨੂੰ ਤੋੜ ਕੇ ਚਾਰ ਲੇਬਰ ਕੋਡ ਲਾਗੂ ਕਰਨ ਖ਼ਿਲਾਫ਼ ਵੱਖ-ਵੱਖ ਸਕੂਲਾਂ ਵਿੱਚ ਮੁਜ਼ਾਹਰੇ ਕੀਤੇ ਗਏ ਅਤੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ ਗਈਆਂ।

ਰੇਲ ਕੋਚ ਫੈਕਟਰੀ ਦੀਆਂ ਯੂਨੀਅਨਾਂ ਵੱਲੋਂ ਮੁਜ਼ਾਹਰਾ

ਫਗਵਾੜਾ (ਜਸਬੀਰ ਸਿੰਘ ਚਾਨਾ): ਰੇਲ ਕੋਚ ਫੈਕਟਰੀ ਦੀਆਂ ਟਰੇਡ ਯੂਨੀਅਨਾਂ ਦੇ ਆਗੂਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਜ਼ੋਰਦਾਰ ਮੁਜ਼ਾਹਰਾ ਕੀਤਾ ਤੇ ਲਾਗੂ ਕੀਤੇ ਨਵੇਂ ਚਾਰ ਕੋਡਾਂ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਹ ਕੋਡ ਲਾਗੂ ਹੋਣ ਨਾਲ ਯੂਨੀਅਨ ਬਣਾਉਣ ਦਾ ਹੱਕ ਖ਼ਤਮ ਹੋ ਜਾਵੇਗਾ, ਮਜ਼ਦੂਰ ਨੂੰ ਬਿਨਾਂ ਕਿਸੇ ਨੋਟਿਸ ਦੇ ਹਟਾਇਆ ਜਾ ਸਕੇਗਾ ਅਤੇ ਹੱਕ ਮੰਗਣ ਦਾ ਅਧਿਕਾਰ ਖ਼ਤਮ ਹੋ ਜਾਵੇਗਾ। ਉਨ੍ਹਾਂ ਇਹ ਕੋਡ ਤੁਰੰਡ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ, ਅਮਰੀਕ ਸਿੰਘ ਗਿੱਲ, ਮਨਜੀਤ ਸਿੰਘ ਬਾਜਵਾ, ਬਚਿੱਤਰ ਸਿੰਘ, ਜਸਪਾਲ ਸਿੰਘ ਸੇਖੋਂ, ਬਲਜਿੰਦਰਪਾਲ, ਅਵਤਾਰ ਸਿੰਘ, ਅਨਿਲ ਕੁਮਾਰ, ਬਲਦੇਵ ਰਾਜ ਨੇ ਸੰਬੋਧਨ ਕੀਤਾ।

Advertisement
×