ਨਿੱਜੀ ਪੱਤਰ ਪ੍ਰੇਰਕ
ਜਲੰਧਰ, 27 ਨਵੰਬਰ
ਲਾਂਬੜਾ ਨੇੜਲੇ ਪਿੰਡ ਬਾਦਸ਼ਾਹਪੁਰ ਦੇ ਬਿਜਲੀ ਘਰ ਅੱਗੇ ਪ੍ਰਤਾਪਪੁਰਾ ਦੇ ਲੋਕਾਂ ਨੇ ਪੇਂਡੂ ਮਜ਼ਦੂਰ ਯੂਨੀਅਨ ਤੇ ਇਸਤਰੀ ਜਾਗਰਿਤੀ ਮੰਚ ਦੀ ਅਗਵਾਈ ਹੇਠ ਵਧ ਕੇ ਆਏ ਬਿਜਲੀ ਬਿੱਲਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਸਮੇਂ ਆਗੂਆਂ ਨੇ ਕਿਹਾ ਕਿ ਕਰੋਨਾ ਦੇ ਦੌਰ ਵਿੱਚ ਜਿੱਥੇ ਮਜ਼ਦੂਰਾਂ ਨੂੰ ਆਪਣੀ ਰੋਜ਼ੀ-ਰੋਟੀ ਜੁਟਾਉਣ ਲਈ ਮੁਸ਼ੱਕਤ ਕਰਨੀ ਪੈ ਰਹੀ ਹੈ, ਉੱਥੇ ਹੀ ਸਰਕਾਰ ਵੱਲੋਂ ਬਿਜਲੀ ਬਿੱਲਾਂ ਦੇ ਰੂਪ ਵਿੱਚ ਮਜ਼ਦੂਰਾਂ ’ਤੇ ਵਾਧੂ ਭਾਰ ਪਾਇਆ ਜਾ ਰਿਹਾ ਹੈ। ਬਿਜਲੀ ਬਿੱਲਾਂ ਵਿੱਚ ਮਾਫ਼ੀ ਹੋਣ ਦੇ ਬਾਵਜੂਦ ਮਜ਼ਦੂਰਾਂ ਨੂੰ ਵੱਡੀ ਰਕਮ ਵਿੱਚ ਬਿਜਲੀ ਬਿੱਲ ਆ ਰਹੇ ਹਨ ਤੇ ਬਿੱਲ ਨਾ ਭਰਨ ਦੀ ਸੂਰਤ ਵਿੱਚ ਮਜ਼ਦੂਰਾਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਇਸ ਕਾਰਨ ਮਜ਼ਦੂਰਾਂ ਦੇ ਘਰਾਂ ਵਿੱਚ ਹਨ੍ਹੇਰਾ ਹੋ ਰਿਹਾ ਹੈ।
ਇਸ ਸਮੇਂ ਆਗੂਆਂ ਨੇ ਮੌਕੇ ਦੇ ਅਧਿਕਾਰੀਆਂ ਨੂੰ ਮਿਲ ਕੇ ਕਿਹਾ ਕਿ ਮੁਆਫ਼ੀ ਦੇ ਬਾਵਜੂਦ ਜਿਨ੍ਹਾਂ ਲੋਕਾਂ ਦੇ ਬਿੱਲ ਜ਼ਿਆਦਾ ਆਏ ਹਨ, ਉਨ੍ਹਾਂ ਦਾ ਲੋਡ ਫੌਰੀ ਚੈੱਕ ਕਰ ਕੇ ਬਣਦੀ ਮੁਆਫ਼ੀ ਲਾਗੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਹ ਸਾਰੀ ਕਾਰਵਾਈ ਚਲਦੀ ਹੈ, ਉਦੋਂ ਤੱਕ ਮਜ਼ਦੂਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਭੋਗਲ ਤੇ ਇਸਤਰੀ ਜਾਗਰਿਤੀ ਮੰਚ ਦੇ ਦਲਜੀਤ ਕੌਰ ਪ੍ਰਤਾਪਪੁਰਾ ਤੇ ਜਸਵੀਰ ਕੌਰ ਜੱਸੀ ਨੇ ਸੰਬੋਧਨ ਕੀਤਾ।