Pash Memorial ਤੋਂ ਕਬਜ਼ਾ ਹਟਾਉਣ ਲਈ ਮੁਜ਼ਾਹਰਾ
ਸ਼ਹੀਦਾਂ ਦੀ ਬੇਹੁਰਮਤੀ ਕਰਨ ਖ਼ਿਲਾਫ਼ ਚਿਤਾਵਨੀ ਦਿੱਤੀ; 9 ਨੂੰ ਤਲਵੰਡੀ ਸਲੇਮ ਪਹੁੰਚਣ ਦਾ ਸੱਦਾ
ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਮਲਸੀਆਂ ਵਿੱਚ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ ਅਤੇ ਪਿੰਡ ਤਲਵੰਡੀ ਸਲੇਮ ਵਿੱਚ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਹੰਸ ਰਾਜ ਦੀ ਯਾਦਗਾਰ ਵਿੱਚ ਪਿੰਡ ਦੇ ਸਰਪੰਚ ਤੇ ਉਸ ਦੇ ਹਮਾਇਤੀਆਂ ਵੱਲੋਂ ਕਥਿਤ ਕਬਜ਼ੇ ਦੀ ਨੀਅਤ ਨਾਲ ਲਾਏ ਝੂਲੇ ਤੇ ਪੀਘਾਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ। ਇਸ ਤੋਂ ਪਹਿਲਾ ਕਿਸਾਨ ਤੇ ਮਜ਼ਦੂਰ ਸਾਹਲਾ ਨਗਰ ਦੇ ਕਮਿਊਨਿਟੀ ਹਾਲ ਵਿੱਚ ਇਕੱਠੇ ਹੋਏ ਅਤੇ ਨਾਅਰੇਬਾਜ਼ੀ ਕਰਦਿਆਂ ਮੁੱਖ ਬੱਸ ਅੱਡੇ ’ਤੇ ਪੁੱਜੇ। ਇਕੱਠ ਨੂੰ ਕਿਸਾਨ ਆਗੂ ਗੁਰਚਰਨ ਸਿੰਘ ਚਾਹਲ, ਜਸਪਾਲ ਸਿੰਘ ਸੰਢਾਂਵਾਲ, ਬਲਕਾਰ ਸਿੰਘ ਫਾਜਿਲਵਾਲ, ਮਜ਼ਦੂਰ ਆਗੂ ਹਰਮੇਸ਼ ਮਾਲੜੀ, ਸੁਖਜਿੰਦਰ ਲਾਲੀ, ਜਮਹੂਰੀ ਅਧਿਕਾਰ ਸਭਾ ਦੇ ਆਗੂ ਗੁਰਮੀਤ ਸਿੰਘ ਅਤੇ ਤਰਕਸ਼ੀਲ ਆਗੂ ਸੁਖਵਿੰਦਰ ਬਾਗਪੁਰ ਨੇ ਸੰਬੋਧਨ ਕੀਤਾ। ਆਗੂਆਂ ਨੇ ਦੋਸ਼ ਲਾਇਆ ਕਿ ਨਕੋਦਰ ਦੀ ਵਿਧਾਇਕਾ ਅਤੇ ਐੱਸ ਡੀ ਐੱਮ ਨੂੰ ਲਿਖਤੀ ਮੰਗ ਪੱਤਰ ਦੇਣ ਦੇ ਬਾਵਜੂਦ ਯਾਦਗਾਰੀ ਕੰਪਲੈਕਸ ਵਿੱਚੋਂ ਝੂਲੇ ਨਹੀਂ ਹਟਾਏ ਗਏ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਅਸਥਾਨ ਨੂੰ ਓਪਨ ਜਿੰਮ ਨਹੀਂ ਬਣਨ ਦਿੱਤਾ ਜਾਵੇਗਾ।
ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 9 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਮੇਤ ਤਲਵੰਡੀ ਸਲੇਮ ਪਹੁੰਚ ਕੇ ਇਨਕਲਾਬੀ ਕਵੀ ਨੂੰ ਸ਼ਰਧਾਂਜਲੀ ਭੇਟ ਕਰਨ।
ਕਬਜ਼ਾ ਹਟਾਉਣ ਦੀ ਮੰਗ
ਜਲੰਧਰ (ਹਤਿੰਦਰ ਮਹਿਤਾ): ਤਰਕਸ਼ੀਲ ਸੁਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨਕਲਾਬੀ ਕਵੀ ਪਾਸ਼ ਅਤੇ ਹੰਸ ਰਾਜ ਦੀ ਯਾਦਗਾਰ ਪਿੰਡ ਤਲਵੰਡੀ ਸਲੇਮ ਦੇ ਦਰਵਾਜ਼ੇ ’ਤੇ ਤਾਲੇ ਤੋੜ ਕੇ ਲਾਏ ਝੂਲੇ ਤੁਰੰਤ ਹਟਾਏ ਜਾਣ। ਸੁਸਾਇਟੀ ਨੇ ਚਿਤਾਵਨੀ ਦਿੱਤੀ ਕਿ ਇਸ ਕਬਜ਼ੇ ਨੂੰ ਹਟਾਇਆ ਜਾਵੇ ਤਾਂ ਜੋ 9 ਸਤੰਬਰ ਨੂੰ ਪਾਸ਼ ਦੇ 76ਵੇਂ ਜਨਮ ਦਿਵਸ ’ਤੇ ਹੋਣ ਵਾਲਾ ਇਨਕਲਾਬੀ ਸੱਭਿਆਚਾਰਕ ਸਮਾਗਮ ਪੁਰਅਮਨ ਢੰਗ ਨਾਲ ਨੇਪਰੇ ਚੜ੍ਹ ਸਕੇ। ਤਰਕਸ਼ੀਲ ਆਗੂਆਂ ਮਾਸਟਰ ਰਾਜਿੰਦਰ ਭਦੌੜ, ਸੁਖਵਿੰਦਰ ਬਾਗਪੁਰ, ਸੁਮੀਤ ਅੰਮ੍ਰਿਤਸਰ ਅਤੇ ਜੋਗਿੰਦਰ ਕੁੱਲੇਵਾਲ ਨੇ ਦੋਸ਼ ਲਾਇਆ ਕਿ ਸਰਪੰਚ ਪਰਦੀਪ ਸਿੰਘ ਅਤੇ ਉਸ ਦੇ ਹਮਾਇਤੀਆਂ ਵੱਲੋਂ ਹਕੂਮਤੀ ਸਰਪ੍ਰਸਤੀ ਹੇਠ ਇਸ ਇਤਿਹਾਸਕ ਸ਼ਹੀਦੀ ਯਾਦਗਾਰ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਰਕਸ਼ੀਲ ਆਗੂਆਂ ਨੇ ਸਪੱਸ਼ਟ ਕੀਤਾ ਕਿ ਯਾਦਗਾਰ ਦੀ ਬੇਹੁਰਮਤੀ ਅਤੇ ਕਬਜ਼ੇ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਐਲਾਨ ਕੀਤਾ ਕਿ ਤਰਕਸ਼ੀਲ ਕਾਰਕੁਨ 9 ਸਤੰਬਰ ਨੂੰ ਤਲਵੰਡੀ ਸਲੇਮ ਵਿੱਚ ਅਵਤਾਰ ਪਾਸ਼ ਦੇ ਜਨਮ ਦਿਨ ਮੌਕੇ ਇਨਕਲਾਬੀ ਕਵੀ ਨੂੰ ਸ਼ਰਧਾਂਜਲੀ ਭੇਟ ਕਰਨਗੇ।

