ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵੱਲੋਂ ਰੋਸ ਰੈਲੀ

ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵੱਲੋਂ ਰੋਸ ਰੈਲੀ

ਹੁਸ਼ਿਆਰਪੁਰ ’ਚ ਰੋਸ ਮਾਰਚ ਕਰਦੇ ਹੋਏ ਪੰਜਾਬ ਯੂ.ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਵਰਕਰ।

ਹਰਪ੍ਰੀਤ ਕੌਰ
ਹੁਸ਼ਿਆਰਪੁਰ, 11 ਅਗਸਤ

ਇੱਥੇ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਸ਼ੁਰੂ ਕੀਤੇ ਸੰਘਰਸ਼ ਦੀ ਕੜੀ ਵਿੱਚ ਅੱਜ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਆਦੀਆ ਨੂੰ ਰੋਸ ਪੱਤਰ ਸੌਂਪਣ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਪਾਰਕ ਵਿੱਚ ਇੱਕ ਰੋਸ ਰੈਲੀ ਕੀਤੀ ਗਈ।

ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਕਨਵੀਨਰ ਸਤੀਸ਼ ਰਾਣਾ ਨੇ ਕਿਹਾ ਕਿ ਕਿਹਾ ਕਿ 13 ਅਗਸਤ ਨੂੰ ਵਿਧਾਇਕ ਡਾ. ਰਾਜ ਕੁਮਾਰ ਨੂੰ ਰੋਸ ਪੱਤਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਹੋਇਆ ਤਾਂ 15 ਅਗਸਤ ਨੂੰ ਸੰਕਲਪ ਦਿਵਸ ਵਜੋਂ ਮਨਾਉਣ ਉਪਰੰਤ 18 ਅਗਸਤ ਨੂੰ ਡਿਊਟੀਆਂ ਤੋਂ ਵਾਕਆਊਟ ਕੀਤਾ ਜਾਵੇਗਾ। ਉਪਰੰਤ ਵਿਧਾਇਕ ਪਵਨ ਆਦੀਆ ਨੂੰ ਰੋਸ ਪੱਤਰ ਸੌਂਪਿਆ ਗਿਆ।

ਇਸੇ ਤਰ੍ਹਾਂ ਦੂਰਸੰਚਾਰ ਵਿਭਾਗ ਅੰਦਰ ਠੇਕੇ ’ਤੇ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਨੂੰ ਪਿਛਲੇ 17 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ ਵਿੱਚ ਅੱਜ ਕਰਮਚਾਰੀਆਂ ਨੇ ਸਥਾਨਕ ਮਿਨੀ ਸਕੱਤਰੇਤ ਦੇ ਬਾਹਰ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕੀਤਾ।

ਬਲਾਚੌਰ(ਸੁਭਾਸ ਜੋਸ਼ੀ): ਇਥੇ ਮਨੀਸਟਰੀਅਲ ਸਟਾਫ ਐੱਸਡੀਐੱਮ ਅਤੇ ਤਹਿਸੀਲ ਦਫਤਰ ਬਲਾਚੌਰ ਦੀ ਹੜਤਾਲ ਅੱਜ ਦੂਜੇ ਦਿਨ ਵਿੱਚ ਦਾਖ਼ਲ ਹੋਣ ਕਾਰਨ ਆਪਣੇ ਕੰਮ ਕਾਜ ਕਰਾਉਣ ਲਈ ਤਹਿਸੀਲ ਵਿੱਚ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਅੱਜ ਐੱਸਡੀਐੱਮ ਦਫ਼ਤਰ ਅੱਗੇ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਨੇ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਆਪਣਾ ਕੰਮਕਾਜ ਮੁਕੰਮਲ ਬੰਦ ਰੱਖਿਆ ਗਿਆ ਤੇ ਸਰਕਾਰੀ ਨੀਤੀਆਂ ਨੂੰ ਕੋਸਿਆ।

ਮੁਲਾਜ਼ਮ ਸੰਘਰਸ਼ ਮੋਰਚੇ ਨੇ ਮੁੱਖ ਮੰਤਰੀ ਦੇ ਨਾਂ ਪੱਤਰ ਭੇਜਿਆ

ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੂਬਾਈ ਪ੍ਰੋਗਰਾਮ ਅਨੁਸਾਰ ਅੰਮ੍ਰਿਤਸਰ ਦੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਜਰਮਨਜੀਤ ਸਿੰਘ, ਬਿਕਰਮਜੀਤ ਸਿੰਘ ਸ਼ਾਹ, ਕਾਰਜਵਿੰਦਰ ਸਿੰਘ ਬੁੱਟਰ ਅਤੇ ਪਰਮਜੀਤ ਕੌਰ ਮਾਨ ਦੀ ਅਗਵਾਈ ਹੇਠ ਇਕੱਠੇ ਹੋ ਕੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁਲਾਜ਼ਮ ਮੰਗਾਂ ਦਾ ਪੱਤਰ ਭੇਜਿਆ। ਇਸ ਮੌਕੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਸੰਘਰਸ਼ ਮੋਰਚੇ ਦੇ ਆਗੂ ਅਸ਼ਵਨੀ ਅਵਸਥੀ, ਸੁਖਦੇਵ ਸਿੰਘ ਮੱਖਣਵਿੰਡੀ ਅਤੇ ਮਮਤਾ ਸ਼ਰਮਾ ਨੇ ਕਿਹਾ ਕਿ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਜਾਮ ਕਰਨ ਅਤੇ ਪੰਜਾਬ ਦੇ ਮੁਲਾਜ਼ਮਾਂ ਦੇ ਤਨਖਾਹ ਸਕੇਲਾਂ ਨੂੰ ਕੇਂਦਰੀ ਸਕੇਲਾਂ ਨਾਲ ਜੋੜਨ, ਡੀ.ਏੇ. ਜਾਮ ਕਰਨ, ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ, ਆਸ਼ਾ ਅਤੇ ਮਿਡ ਡੇ ਮੀਲ ਵਰਕਰਾਂ ‘ਤੇ ਘੱਟੋ ਘੱਟ ਉਜਰਤਾਂ ਲਾਗੂ ਨਾ ਕਰਨ ਅਤੇ ਮੋਬਾਈਲ ਭੱਤੇ ਵਿੱਚ ਕਟੌਤੀ ਕਰਨ ਵਿਰੁੱਧ ਸਮੁੱਚੇ ਮੁਲਾਜ਼ਮ ਵਰਗ ਅੰਦਰ ਪੰਜਾਬ ਸਰਕਾਰ ਖਿਲਾਫ ਗੁੱਸਾ ਭਰਿਆ ਪਿਆ ਹੈ। ਉਨ੍ਹਾਂ ਕਿਹਾ ਕਿ ‘ਕਰੋਨਾ ਸੰਕਟ‘ ਦੀ ਆੜ੍ਹ ਹੇਠ ਕੇਂਦਰ ਦੀ ਮੋਦੀ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਅਤੇ ਜਨਤਕ ਅਦਾਰਿਆਂ ਨੂੰ ਸਰਮਾਏਦਾਰਾਂ ਕੋਲ ਕੌਡੀਆਂ ਦੇ ਭਾਅ ਵੇਚ ਕੇ ਪੁਨਰਗਠਨ ਦੇ ਨਾਂ ਹੇਠ ਨਿੱਜੀਕਰਨ ਕੀਤਾ ਜਾ ਰਿਹਾ ਹੈ। ਮੁਲਾਜ਼ਮ ਆਗੂ ਚਰਨਜੀਤ ਸਿੰਘ, ਗੁਰਬਿੰਦਰ ਸਿੰਘ ਖਹਿਰਾ, ਰਛਪਾਲ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਵੀ ਸੰਬੋਧਨ ਕੀਤਾ।

ਡੈਮ ਮੁਲਾਜ਼ਮਾਂ ਵੱਲੋਂ ਕੈਪਟਨ ਸਰਕਾਰ ਵਿਰੁੱਧ ਧਰਨਾ

ਪਠਾਨਕੋਟ (ਐਨ.ਪੀ.ਧਵਨ): ਪੰਜਾਬ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀਆਂ ਸਬੰਧੀ ਪੰਜਾਬ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਦੇ ਸੱਦੇ ’ਤੇ ਡੈਮ ਦੇ ਚੀਫ ਇੰਜਨੀਅਰ ਦਫ਼ਤਰ ਦੇ ਬਾਹਰ ਕਲਮ ਛੱਡੋ ਹੜਤਾਲ ਕਰਕੇ ਧਰਨਾ ਦਿੱਤਾ। ਜਿਸ ਦੀ ਅਗਵਾਈ ਜ਼ਿਲ੍ਹਾ ਕਨਵੀਨਰ ਗੁਰਨਾਮ ਸਿੰਘ ਸੈਣੀ ਨੇ ਕੀਤੀ। ਇਸ ਧਰਨੇ ਨੂੰ ਕਲੈਰੀਕਲ ਯੂਨੀਅਨ ਦੇ ਪ੍ਰਧਾਨ ਕੌਸ਼ਲ ਕੁਮਾਰ, ਸੁਰਿੰਦਰ ਸਿੰਘ ਮਾਨ, ਗੁਰਨਾਮ ਸਿੰਘ ਮਟੌਰ, ਸਲਵਿੰਦਰ ਸਿੰਘ ਲਾਧੂਪੁਰ, ਰੋਸ਼ਨ ਲਾਲ ਭਗਤ, ਕਪਤਾਨ ਸਿੰਘ ਛੀਨਾ, ਭੁਪਿੰਦਰ ਸਿੰਘ, ਨਿਰਵੇਸ਼ ਡੋਗਰਾ, ਸੁਖਦੇਵ ਮਸੀਹ, ਜਸਪਾਲ ਸਿੰਘ, ਨਿਸ਼ਾਨ ਸਿੰਘ ਭਿੰਡਰ, ਲਖਵਿੰਦਰ ਸਿੰਘ, ਵਿਜੇ ਕੁਮਾਰ ਆਦਿ ਨੇ ਸੰਬੋਧਨ ਕੀਤਾ। ਸਮੂਹ ਬੁਲਾਰਿਆਂ ਨੇ ਮੰਗ ਕੀਤੀ ਹੈ ਕਿ ਮੁਲਾਜ਼ਮ ਵਿਰੋਧੀ ਲਏ ਗਏ ਫੈਸਲਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ। ­

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All