ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 25 ਨਵੰਬਰ
ਇੱਥੇ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ‘ਤੇ ਬ੍ਰਾਂਚ ਗੜ੍ਹਸ਼ੰਕਰ ਵਿੱਚ ਉਪ ਮੰਡਲ ਇੰਜਨੀਅਰ ਦੇ ਦਫ਼ਤਰ ਅੱਗੇ ਮੰਗਾਂ ਨੂੰ ਲੈ ਕੇ ਚੰਨਣ ਸਿੰਘ ਥਾਂਦੀ ਦੀ ਪ੍ਰਧਾਨਗੀ ਹੇਠ ਰੋਹ ਭਰਪੂਰ ਰੈਲੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਮੱਖਣ ਸਿੰਘ ਵਾਹਿਦ ਪੁਰੀ ਤੇ ਹੋਰ ਬੁਲਾਰਿਆਂ ਨੇ ਜਲ ਸਰੋਤ ਸਕੱਤਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਦੁਰਵਿਹਾਰ ਦੀ ਨਿਖੇਧੀ ਕੀਤੀ ਤੇ ਸਕੱਤਰ ਨੂੰ ਚੱਲਦਾ ਕਰਨ ਦੀ ਪੁਰਜ਼ੋਰ ਮੰਗ ਕੀਤੀ। ਇਸ ਮੌਕੇ ਬੁਲਾਰਿਆਂ ਨੇ ਮੰਗ ਕਰਦਿਆਂ ਕਿਹਾ ਕਿ ਵਿਭਾਗ ਅੰਦਰ ਖਾਲੀ ਪਈਆਂ ਪੋਸਟਾਂ ਤੁਰੰਤ ਭਰੀਆਂ ਜਾਣ, ਦਰਜਾ ਚਾਰ ਅਤੇ ਪੇਅ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਕੀਤੀ ਜਾਵੇ, ਪਿਛਲੇ ਬਕਾਏ ਜਾਰੀ ਕੀਤੇ ਜਾਣ ਸਣੇ ਹੋਰ ਮੰਗਾਂ ਲਾਗੂ ਕੀਤੀਆਂ ਜਾਣ। ਆਗੂਆਂ ਨੇ ਮਸਲਾ ਹੱਲ ਨਾ ਹੋਣ ‘ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਮੌਕੇ ਜੀਤ ਸਿੰਘ, ਸਤੀਸ਼ ਕੁਮਾਰ, ਸਤਨਾਮ ਸਿੰਘ, ਗੁਰਨਾਮ ਹਾਜੀਪੁਰੀਆ, ਰਮੇਸ਼ ਕੁਮਾਰ ਤੇ ਬਲਭੱਦਰ ਸਿੰਘ ਆਦਿ ਨੇ ਸੰਬੋਧਨ ਕੀਤਾ।