ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 23 ਸਤੰਬਰ
ਇੱਥੇ ਆਸ਼ਾ ਵਰਕਰ ਯੂਨੀਅਨ ਸੀਟੂ ਵੱਲੋਂ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਅਤੇ ਐਸਐਮਓ ਪੋਸੀ ਵਿਰੁੱਧ ਸ਼ਹਿਰ ਅੰਦਰ ਰੋਸ ਮਾਰਚ ਕਰਦਿਆਂ ਗੜ੍ਹਸ਼ੰਕਰ ਵਿੱਚ ਚੱਕਾ ਜਾਮ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਸਰਕਾਰ ਲਈ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ। ਇਸ ਦੀ ਅਗਵਾਈ ਜੋਗਿੰਦਰ ਕੌਰ ਮੁਕੰਦਪੁਰ, ਸਤਮੀਤ ਕੌਰ ਕਿਤਣਾ, ਆਸ਼ਾ ਲੱਲੀਆਂ, ਨੀਲਮ ਵੱਢੋਆਣ, ਗੁਰਨੇਕ ਸਿੰਘ ਭੱਜਲ, ਸੀਟੂ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਕੁਮਾਰ ਵੱਢੋਆਣ ਨੇ ਕੀਤੀ। ਇਸ ਮੌਕੇ ਯੂਨੀਅਨ ਪੰਜਾਬ ਦੀ ਜਨਰਲ ਸਕੱਤਰ ਸੀਮਾ ਰਾਣੀ, ਗੁਰਨੇਕ ਸਿੰਘ ਭੱਜਲ, ਮਹਿੰਦਰ ਕੁਮਾਰ ਵੱਢੋਆਣ ਤੇ ਜੋਗਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਨਿਗੂਣਾ ਜਿਹਾ 2500 ਰੁਪਏ ਭੱਤਾ ਦੇ ਕੇ ਕਈ ਜਣਿਆਂ ਦਾ ਕੰਮ ਇਕ ਤੋਂ ਦਬਕੇ ਮਾਰ ਕੇ ਲਿਆ ਜਾਂਦਾ ਹੈ। ਆਗੂਆਂ ਕਿਹਾ ਕਿ ਘੱਟੋ-ਘੱਟ ਉਜਰਤ 26,000 ਰੁਪਏ ਮਹੀਨਾ ਦਿੱਤਾ ਜਾਵੇ, ਆਸ਼ਾ ਵਰਕਰਾਂ ਨੂੰ ਸਰਕਾਰੀ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣ ਅਤੇ ਪੱਕਾ ਕੀਤਾ ਜਾਵੇ, ਠੇਕਾ ਸਿਸਟਮ ਨੂੰ ਬੰਦ ਕੀਤਾ ਜਾਵੇ, ਐਸਐਮਓ ਪੋਸੀ ਦੀ ਧੱਕੇਸ਼ਾਹੀ ਬੰਦ ਕੀਤੀ ਜਾਵੇ, ਇਕ ਸਮੇਂ ਇੱਕ ਹੀ ਕੰਮ ਲਿਆ ਜਾਵੇ, ਏਐਨਐਮ ਵੱਲੋਂ ਆਸ਼ਾ ਵਰਕਰਾਂ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ, ਡਿਊਟੀ ਅੱਠ ਘੰਟੇ ਨਿਸ਼ਚਿਤ ਕੀਤੀ ਜਾਵੇ ਆਦਿ ਮੰਗਾਂ ਲਾਗੂ ਕੀਤੀਆਂ ਜਾਣ।
ਉਨ੍ਹਾਂ ਕਿਹਾ ਕਿ ਜੇ ਵਰਕਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਕਮਲਜੀਤ ਕੌਰ ਖਾਬੜਾ, ਨਛੱਤਰ ਕੌਰ ਢਾਡਾ, ਜਸਵਿੰਦਰ ਕੌਰ ਰੋਪੜ, ਪ੍ਰਵੀਨ ਕਾਲੇਵਾਲ ਬੀਤ ਆਦਿ ਹਾਜ਼ਰ ਸਨ।