ਕਾਂਗਰਸੀ ਆਗੂ ’ਤੇ ਹਮਲੇ ਖ਼ਿਲਾਫ਼ ਰੋਸ ਮਾਰਚ
wਇਨਸਾਫ ਦੀ ਮੰਗ ਲਈ ਭਾਜਪਾ, ਕਾਂਗਰਸ, ਕਿਸਾਨ ਜਥੇਬੰਦੀਆਂ ਅਤੇ ਵਕੀਲਾਂ ਨੇ ਕੀਤਾ ਇਕੱਠ
ਇੱਥੇ ਵਾਰਡ ਨੰਬਰ 7 ਤੋਂ ਦਸੂਹਾ ਕੌਂਸਲ ਦੀ ਚੋਣ ਜਿੱਤੇ ਕਾਂਗਰਸੀ ਮਹਿਲਾ ਕੌਂਸਲਰ ਚਰਨਜੀਤ ਕੌਰ ਦੇ ਪਤੀ ਅਤੇ ਸਾਬਕਾ ਕੌਂਸਲਰ ਭੁੱਲਾ ਰਾਣਾ ’ਤੇ ਕੱਲ੍ਹ ਹੋਏ ਕਥਿਤ ਜਾਨਲੇਵਾ ਹਮਲੇ ਦੇ ਵਿਰੋਧ ਵਿੱਚ ਅੱਜ ਸ਼ਹਿਰ ਅੰਦਰ ਵੱਖ-ਵੱਖ ਵਿਰੋਧੀ ਧਿਰਾਂ ਅਤੇ ਇਨਸਾਫ ਪਸੰਦ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਮਾਰਚ ਵਿੱਚ ਭਾਜਪਾ, ਕਾਂਗਰਸ, ਕਿਸਾਨ ਜਥੇਬੰਦੀਆਂ, ਵਕੀਲ ਭਾਈਚਾਰੇ ਅਤੇ ਨੌਜਵਾਨ ਆਗੂਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਹਮਲੇ ਦੀ ਨਿੰਦਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ।
ਸਥਾਨਕ ਬਾਬਾ ਬਰਫਾਨੀ ਲੰਗਰ ਹਾਲ ਤੋਂ ਸ਼ੁਰੂ ਹੋਇਆ ਰੋਸ ਮਾਰਚ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੜ ਸ਼ੁਰੂਆਤੀ ਸਥਾਨ ’ਤੇ ਸਮਾਪਤ ਹੋਇਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸੱਤਾਧਾਰੀ ਧਿਰ ਖਿਲਾਫ ਨਾਅਰੇਬਾਜ਼ੀ ਕਰਦਿਆ ਭੁੱਲਾ ਰਾਣਾ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਇਸ ਤੋਂ ਪਹਿਲਾਂ ਬਾਬਾ ਬਰਫਾਨੀ ਲੰਗਰ ਹਾਲ ਵਿੱਚ ਹੋਈ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਾਬਕਾ ਕਾਂਗਰਸੀ ਵਿਧਾਇਕ ਅਰੁਣ ਡੋਗਰਾ, ਯੂਥ ਕਾਂਗਰਸੀ ਆਗੂ ਯੋਵਨ ਬੱਸੀ, ਭਾਜਪਾ ਆਗੂ ਰਵਿੰਦਰ ਰਵੀ ਸ਼ਿੰਗਾਰੀ, ਸੁਸ਼ੀਲ ਪਿੰਕੀ, ਰਾਣਾ ਰਘੁਨਾਥ ਸਿੰਘ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਐਡਵੋਕੇਟ ਸ਼ੁਭ ਸਰੋਚ, ਕਿਸਾਨ ਆਗੂ ਦਵਿੰਦਰ ਸਿੰਘ ਕਾਹਲੋਂ, ਐਡਵੋਕੇਟ ਪੁਨੀਤ ਬੱਸੀ, ਮਹਿਲਾ ਆਗੂ ਹਰਪ੍ਰੀਤ ਕੌਰ ਬਾਜਵਾ ਨੇ ਦੋਸ਼ ਲਗਾਇਆ ਕਿ ਸੱਤਾਧਾਰੀ ਧਿਰ ਵੱਲੋਂ ਇਲਾਕੇ ਵਿੱਚ ਲੋਕਤੰਤਰੀ ਹੱਕਾਂ ਨੂੰ ਦਬਾਉਣ ਅਤੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਦਹਿਸ਼ਤ ਦਾ ਮਾਹੌਲ ਸਿਰਨ ਦੀਆਂ ਕੋਸ਼ਿਸ਼ਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਪ੍ਰਧਾਨ ਪੀ ਐਸ ਘੁੰਮਣ, ਜਸਵੰਤ ਸਿੰਘ ਪੱਪੂ, ਪਰਮਿੰਦਰ ਬਿੱਟੂ, ਤਰਲੋਕ ਸਿੰਘ ਸਾਹੀ, ਅਮੋਲਕ ਸਿੰਘ ਹੁੰਦਲ, ਅੰਕਿਤ ਰਾਣਾ, ਸਾਬੀ ਟੇਰਕਿਆਣਾ, ਜਰਨੈਲ ਜੈਲਾ, ਰਾਜਨ ਮੇਰ, ਸੰਨੀ ਰਾਜਪੂਤ, ਮੰਗਜੀਤ ਗੰਭੋਵਾਲ, ਯੋਧਾ ਰਾਜਪੂਤ, ਟੱਪੂ ਸ਼ਰਮਾ, ਵਿਵੇਕ ਰਿੰਕਾ ਸੁਦੇਸ਼ ਭੱਟੀ ਆਦਿ ਹਾਜ਼ਰ ਸਨ।

