ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਮੁਕੇਰੀਆਂ ਨੇ ਮੰਗਾਂ ਲਈ ਤਹਿਸੀਲ ਕੰਪਲੈਕਸ ਅੱਗੇ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਕਿਸਾਨਾਂ-ਮਜਦੂਰਾਂ ਦੀਆਂ ਮੰਗਾਂ ਸਬੰਧੀ ਐੱਸ ਡੀ ਐੱਮ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਨੂੰ ਮੰਗ ਪੱਤਰ ਭੇਜਿਆ। ਮੰਗ ਪੱਤਰ ਐੱਸ ਡੀ ਐੱਮ ਦੀ ਗ਼ੈਰ-ਮੌਜੂਦਗੀ ਵਿੱਚ ਉਨ੍ਹਾਂ ਦੇ ਰੀਡਰ ਸ੍ਰੀਮਤੀ ਰਾਣੀ ਵੰਦਨਾ ਨੇ ਪ੍ਰਾਪਤ ਕੀਤਾ।
ਜਥੇਬੰਦਕ ਆਗੂ ਵਿਜੇ ਸਿੰਘ ਪੋਤਾ ਅਤੇ ਤਰਸੇਮ ਲਾਲ ਭੰਗਾਲਾ ਦੀ ਅਗਵਾਈ ਵਿੱਚ ਹੋਏ ਪ੍ਰਦਰਸ਼ਨ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਸਾਥੀ ਆਸ਼ਾ ਨੰਦ ਅਤੇ ਖੇਤ ਮਜ਼ਦੂਰ ਆਗੂ ਯਸ਼ਪਾਲ ਚਨੌਰ ਨੇ ਵੀ ਸ਼ਿਰਕਤ ਕੀਤੀ। ਆਗੂਆਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਸਾਬਤ ਹੋਈ ਹੈ। ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਕਿਸਾਨੀ ਫਸਲਾਂ ਦੇ ਵਾਜਬ ਮੁੱਲ ਲਈ ਐੱਮ ਐੱਸ ਪੀ ਦੀ ਗਰੰਟੀ ਦਾ ਕਾਨੂੰਨ ਹਾਲੇ ਤੱਕ ਨਹੀਂ ਬਣਾਇਆ। ਕੇਂਦਰ ਅਤੇ ਪੰਜਾਬ ਸਰਕਾਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਬਿਜਲੀ ਐਕਟ, ਸੀਡ ਐਕਟ, ਭਾਰਤ ਅਮਰੀਕਾ ਫਰੀ ਟਰੇਡ ਸਮਝੌਤਾ ਅਤੇ ਮਗਨਰੇਗਾ ਦੀ ਥਾਂ ਬੀ ਬੀ ਗ੍ਰਾਮ ਜੀ ਜਨਤਾ ਦੇ ਹੱਕਾਂ ਤੇ ਡਾਕਾ ਮਾਰਨ ਵਾਲੇ ਹਨ ਕਾਨੂੰਨ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਸਾਥੀ ਬੋਧ ਰਾਜ, ਸੁਰਜੀਤ ਸਿੰਘ ਛੰਨੀ, ਰੁਲਦਾ ਰਾਮ, ਸੁਖਦੇਵ ਰਾਜ, ਸੋਮ ਰਾਜ ਬਰਿਆਹਾਂ, ਕਿਸ਼ਨ ਚੰਦ, ਰਾਮ ਲੁਭਾਇਆ, ਜੀਤ ਸਿੰਘ ਮੁਸਾਹਪੁਰ, ਬਚਿੱਤਰ ਸਿੰਘ ਸ਼ਹਿਰਕੋਵਾਲ, ਜੈ ਚੰਦ, ਮਹਿੰਦਰ ਸਿੰਘ, ਰਜਿੰਦਰ ਸਿੰਘ ਅਤੇ ਗੋਲਡੀ ਹਾਜ਼ਰ ਸਨ।
