ਪੁਲੀਸ ਦੀ ਧੱਕੇਸ਼ਾਹੀ ਵਿਰੁੱਧ ਥਾਣੇ ਅੱਗੇ ਧਰਨਾ ਲਾਇਆ
ਸ਼ਹਿਰ ਵਿੱਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਤਹਿਤ ਚੋਣ ਪ੍ਰਚਾਰ ਦੌਰਾਨ ਦੋ ਧਿਰਾਂ ਵਿੱਚ ਹੋਈ ਬਹਿਸ ਮਗਰੋਂ ਪੁਲੀਸ ਦੀ ਕਥਿਤ ਧੱਕੇਸ਼ਾਹੀ ਵਿਰੁੱਧ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਅੱਧੀ ਰਾਤ ਨੂੰ ਥਾਣੇ ’ਚ ਆਪਣੇ ਸਮਰਥਕਾਂ ਨਾਲ ਧਰਨਾ ਲਗਾ ਦਿੱਤਾ। ਧਰਨੇ ਵਿੱਚ...
ਸ਼ਹਿਰ ਵਿੱਚ ਹੋ ਰਹੀਆਂ ਨਗਰ ਕੌਂਸਲ ਚੋਣਾਂ ਤਹਿਤ ਚੋਣ ਪ੍ਰਚਾਰ ਦੌਰਾਨ ਦੋ ਧਿਰਾਂ ਵਿੱਚ ਹੋਈ ਬਹਿਸ ਮਗਰੋਂ ਪੁਲੀਸ ਦੀ ਕਥਿਤ ਧੱਕੇਸ਼ਾਹੀ ਵਿਰੁੱਧ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਅੱਧੀ ਰਾਤ ਨੂੰ ਥਾਣੇ ’ਚ ਆਪਣੇ ਸਮਰਥਕਾਂ ਨਾਲ ਧਰਨਾ ਲਗਾ ਦਿੱਤਾ। ਧਰਨੇ ਵਿੱਚ ਸੁਲਤਾਨਪੁਰ ਲੋਧੀ ਸ਼ਹਿਰ ਦੇ ਸਮੁੱਚੇ ਵਾਰਡਾਂ ਦੇ ਉਮੀਦਵਾਰ ਅਤੇ ਸਮੁੱਚੇ ਹਲਕਾ ਸੁਲਤਾਨਪੁਰ ਲੋਧੀ ਵਿੱਚੋਂ ਵੱਡੀ ਗਿਣਤੀ ਵਿੱਚ ਵਰਕਰ ਪਹੁੰਚੇ ਹੋਏ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਰਾਣਾ ਨੇ ਕਿਹਾ ਕਿ ਪੁਲੀਸ ਸੱਤਾਧਾਰੀ ਪਾਰਟੀ ਦੀ ਸ਼ਹਿ ’ਤੇ ਸਾਡੇ ਵਰਕਰਾਂ ਨਾਲ ਧੱਕਾ ਕਰ ਰਹੀ ਹੈ ਜੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 7 ਅਤੇ 8 ਵਿੱਚ ਬੀਤੀ ਰਾਤ ਥਾਣਾ ਮੁਖੀ ਸੁਲਤਾਨਪੁਰ ਲੋਧੀ ਨੇ ਉਨ੍ਹਾਂ ਦੇ 7 ਸਮਰਥਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਉੱਪਰ 7/ 51 ਕਰ ਦਿੱਤੀ ਜਦ ਕਿ ਦੂਜੇ ਪਾਸੇ ਕਿਸੇ ਵੀ ਧਿਰ ਉਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਥਾਣਾ ਮੁਖੀ ਸੱਤਾਧਾਰੀ ਧਿਰ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਥਾਣਾ ਮੁਖੀ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਵਰਕਰਾਂ ਨਾਲ ਧੱਕੇਸ਼ਾਹੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰਨਗੇ। ਵਿਧਾਇਕ ਰਾਣਾ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੁਲੀਸ ਉਨ੍ਹਾਂ ਦੇ ਸਮਰਥਕਾਂ ਨੂੰ ਨਹੀਂ ਛੱਡਦੀ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ। ਅੱਜ ਸ਼ਾਮ 5 ਵਜੇ ਵਿਧਾਇਕ ਰਾਣਾ ਨੇ ਥਾਣੇ ਤੋਂ ਧਰਨਾ ਚੁੱਕ ਕੇ ਤਲਵੰਡੀ ਚੌਕ ਵਿੱਚ ਜਾਮ ਲਗਾ ਦਿੱਤਾ। ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ ਨੇ ਵੀ ਪੁਲੀਸ ਦੀ ਧੱਕੇਸ਼ਾਹੀ ਦੀ ਨਿੰਦਾ ਕੀਤੀ। ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ ਤੇ ਨੰਬਰਦਾਰ ਜੋਗਾ ਸਿੰਘ ਕਾਲੇਵਾਲ, ਯੂਥ ਕਾਂਗਰਸ ਦੇ ਪ੍ਰਧਾਨ ਗੋਲਡੀ ਧੰਜੂ, ਬਲਾਕ ਸਮਿਤੀ ਮੈਂਬਰ ਲਾਲੀ ਹਾਂਡਾ ਗਿੱਲਾਂ, ਸਾਬਕਾ ਚੇਅਰਮੈਨ ਪੰਚਾਇਤ ਸਮਿਤੀ ਰਜਿੰਦਰ ਸਿੰਘ ਤਕੀਆ ਆਦਿ ਸਮਰਥਕ ਵੀ ਹਾਜ਼ਰ ਸਨ।
ਪੁਲੀਸ ਅਧਿਕਾਰੀ ਨੇ ਦੋਸ਼ ਨਕਾਰੇ
ਡੀ ਐੱਸ ਪੀ ਸੁਖਪਾਲ ਸਿੰਘ ਅਤੇ ਥਾਣਾ ਮੁਖੀ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਮਾਹੌਲ ਖਰਾਬ ਹੋਣ ਤੋਂ ਬਚਾਉਣ ਲਈ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਬਣਦੀ ਕਾਰਵਾਈ ਕੀਤੀ ਹੈ। ਉਨ੍ਹਾਂ ਖੁਦ ਉਪਰ ਲਗਾਏ ਦੋਸ਼ਾਂ ਨੂੰ ਝੂਠਾ ਤੇ ਬੇਬੁਨਿਆਦ ਦੱਸਿਆ।

