Kisan Mazdoor Morcha Amritsar Meeting: ਹਰਭਜਨ ਸਿੰਘ ਈ ਟੀ ਓ ਦੇ ਘਰ ਅੱਗੇ ਮੁਜ਼ਾਹਰਾ
ਭਲਕੇ ਦੀ ਮੀਟਿੰਗ ’ਚ ਅਗਲੀ ਰਣਨੀਤੀ ਘਡ਼ੇਗਾ ਮੋਰਚਾ
ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਰਵੱਈਏ ਅਤੇ ਮੰਗਾਂ ਨੂੰ ਅਣਗੌਲਿਆ ਕਰਨ ਦੇ ਵਿਰੋਧ ਵਿੱਚ 16 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ ਸੱਦੀ ਗਈ ਹੈ। ਇਸ ਮੀਟਿੰਗ ਵਿੱਚ ਮੌਜੂਦਾ ਹਾਲਾਤ ’ਤੇ ਵਿਚਾਰ-ਵਟਾਂਦਰਾ ਕਰਕੇ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਅਗਲੇ ਸੰਘਰਸ਼ ਸਬੰਧੀ ਫ਼ੈਸਲਾ ਲਿਆ ਜਾਵੇਗਾ। ਇਹ ਜਾਣਕਾਰੀ ਸਰਵਣ ਸਿੰਘ ਪੰਧੇਰ ਨੇ ਈਟੀਓ ਹਰਭਜਨ ਸਿੰਘ ਦੇ ਘਰ ਅੱਗੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਦਿੱਤੀ। ਕੈਬਨਿਟ ਮੰਤਰੀ ਦੇ ਘਰ ਨੇੜੇ ਇਹ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ।
ਉਨ੍ਹਾਂ ਦੱਸਿਆ ਕਿ ਮੀਟਿੰਗ ਤੋਂ ਬਾਅਦ 16 ਸਤੰਬਰ ਨੂੰ ਦੁਪਹਿਰ 2 ਵਜੇ ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ। ਇਸ ਦੌਰਾਨ ਮੋਰਚੇ ਦੀ ਮੀਟਿੰਗ ਵਿੱਚ ਲਏ ਗਏ ਫ਼ੈਸਲਿਆਂ ਅਤੇ ਸੰਘਰਸ਼ ਦੀ ਅਗਲੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 16 ਸਤੰਬਰ ਨੂੰ ਹਰੇਕ ਮੋਰਚੇ ਵਾਲੀ ਥਾਂ ’ਤੇ ਵੱਡੇ ਰੋਸ ਮਾਰਚ ਕੀਤੇ ਜਾਣਗੇ। ਇਸ ਦੇ ਨਾਲ ਹੀ ਸੰਘਰਸ਼ ਨੂੰ ਹੋਰ ਵਿਸ਼ਾਲ ਕਰਦਿਆਂ ਪਟਿਆਲਾ ਵਿਖੇ ਪੰਜਾਬ ਸਰਕਾਰ ਦੇ ਮੰਤਰੀ ਦੇ ਘਰ ਅੱਗੇ ਵੀ ਮੋਰਚਾ ਖੋਲ੍ਹਿਆ ਜਾਵੇਗਾ।
ਇਨ੍ਹਾਂ ਚੱਲ ਰਹੇ ਮੋਰਚਿਆਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀ ਸ਼ਮੂਲੀਅਤ ਵਿੱਚ ਲਗਾਤਾਰ ਵਾਧਾ ਹੋਇਆ ਹੈ। ਵੱਡੀ ਗਿਣਤੀ ਵਿੱਚ ਟਰੈਕਟਰ-ਟਰਾਲੀਆਂ ਮੋਰਚਿਆਂ ਵਿੱਚ ਪਹੁੰਚ ਰਹੀਆਂ ਹਨ ਅਤੇ ਪਿੰਡਾਂ ਵਿੱਚੋਂ ਕਿਸਾਨ-ਮਜ਼ਦੂਰ ਵੱਡੀ ਗਿਣਤੀ ਵਿੱਚ ਮੋਰਚਿਆਂ ਵਿੱਚ ਸ਼ਾਮਲ ਹੋ ਰਹੇ ਹਨ। ਇਸ ਦੇ ਨਾਲ ਹੀ ਪਿੰਡਾਂ ਵਿੱਚੋਂ ਕਿਸਾਨਾਂ-ਮਜ਼ਦੂਰਾਂ ਲਈ ਦੁੱਧ, ਲੰਗਰ ਅਤੇ ਹੋਰ ਲੋੜੀਂਦੀ ਸਮੱਗਰੀ ਮੋਰਚਿਆਂ ਵਿੱਚ ਪਹੁੰਚਾਈ ਜਾ ਰਹੀ ਹੈ।
ਮੋਰਚੇ ਦੇ ਆਗੂਆਂ ਨੇ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਮੋਰਚਿਆਂ ਵਿੱਚ ਸ਼ਾਮਲ ਹੋ ਕੇ ਸੰਘਰਸ਼ ਨੂੰ ਮਜ਼ਬੂਤ ਕਰਨ। ਵੱਖ-ਵੱਖ ਮੋਰਚਿਆਂ ਵਿੱਚ ਆਗੂਆਂ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ ਲੱਗੇ ਮੋਰਚੇ ਵਿੱਚ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਇਕੱਠ ਨੂੰ ਸੰਬੋਧਨ ਕੀਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਘਰ ਅੱਗੇ ਲੱਗੇ ਮੋਰਚੇ ਵਿੱਚ ਬੀ ਕੇ ਯੂ ਬਹਿਰਾਮਕੇ ਦੇ ਬਲਵੰਤ ਸਿੰਘ ਬਹਿਰਾਮਕੇ, ਬਲਦੇਵ ਸਿੰਘ ਜ਼ੀਰਾ, ਬੀ ਕੇ ਯੂ ਕ੍ਰਾਂਤੀਕਾਰੀ ਅਤੇ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਦੇ ਮਲਕੀਅਤ ਸਿੰਘ ਗੁਲਾਮੀ ਵਾਲਾ ਨੇ ਇਕੱਠ ਨੂੰ ਸੰਬੋਧਨ ਕੀਤਾ। ਹੁਸ਼ਿਆਰਪੁਰ ਵਿਖੇ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੇ ਓਂਕਾਰ ਸਿੰਘ ਪੁਰਾਣਾ ਭੰਗਾਲਾ ਅਤੇ ਬੀ ਕੇ ਯੂ ਦੋਆਬਾ ਦੇ ਮਨਜੀਤ ਸਿੰਘ ਰਾਏ ਨੇ ਇਕੱਠ ਨੂੰ ਸੰਬੋਧਨ ਕੀਤਾ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਅੱਗੇ ਲੱਗੇ ਮੋਰਚੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਰਣਬੀਰ ਸਿੰਘ ਰਾਣਾ ਮੌਜੂਦ ਸਨ। ਗੁਰਦਾਸਪੁਰ ਵਿੱਚ ਲਾਲ ਚੰਦ ਕਟਾਰੂਚੱਕ ਦੇ ਘਰ ਅੱਗੇ ਲੱਗੇ ਮੋਰਚੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਵਿੰਦਰ ਸਿੰਘ ਚੌਤਾਲਾ ਅਤੇ ਹਰਵਿੰਦਰ ਸਿੰਘ ਮਸਾਣੀਆਂ ਅਤੇ ਲੁਧਿਆਣਾ ਵਿੱਚ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਦਿਲਬਾਗ ਸਿੰਘ ਗਿੱਲ ਮੌਜੂਦ ਸਨ। ਜਲੰਧਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਲਵਿੰਦਰ ਸਿੰਘ ਜਾਣੀਆ ਅਤੇ ਸ਼ੇਰ ਸਿੰਘ ਮਹੀਵਾਲ ਅਤੇ ਅੰਮ੍ਰਿਤਸਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਰਮਨਜੀਤ ਸਿੰਘ ਬੰਡਾਲਾ ਅਤੇ ਬਾਬਾ ਗੁਰਬਚਨ ਸਿੰਘ ਚੱਬਾ ਮੌਜੂਦ ਸਨ।
ਕਿਸਾਨ ਮੀਂਹ ਵਿੱਚ ਲਾਲ ਚੰਦ ਕਟਾਰੂਚੱਕ ਦੇ ਘਰ ਅੱਗੇ ਡਟੇ
ਪਠਾਨਕੋਟ (ਐੱਨ ਪੀ ਧਵਨ): ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ’ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਘਰ ਮੂਹਰੇ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਕਿਸਾਨ ਮੀਂਹ ਤੇ ਹਨੇਰੀ ਵਿਚ ਵੀ ਡਟੇ ਰਹੇ। ਦੂਸਰੇ ਦਿਨ ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਵੈਰੋਨੰਗਲ, ਸੂਬਾਈ ਆਗੂ ਹਰਵਿੰਦਰ ਸਿੰਘ ਮਸਾਣੀਆਂ, ਅਨੂਪ ਸਿੰਘ ਸੁਲਤਾਨੀ, ਸੁਖਜਿੰਦਰ ਸਿੰਘ ਗੋਹਤ, ਡਾ. ਹਰਦੀਪ ਸਿੰਘ, ਨਿਸ਼ਾਨ ਸਿੰਘ ਆਦਿ ਨੇ ਸੰਬੋਧਨ ਕੀਤਾ। ਆਗੂਆਂ ਦਾ ਕਹਿਣਾ ਸੀ ਕਿ ਉਹ 18 ਤਰੀਕ ਤੱਕ ਇਥੇ ਪੱਕੇ ਮੋਰਚੇ ’ਤੇ ਬੈਠਣਗੇ ਅਤੇ ਲੰਗਰ ਲਈ ਉਹ ਸੁੱਕੀ ਰਸਦ ਲੈ ਕੇ ਆਏ ਹੋਏ ਹਨ ਜਿਸ ਨਾਲ ਉਹ ਗੁਰਦੁਆਰਾ ਬਾਰਠ ਸਾਹਿਬ ਤੋਂ ਲੰਗਰ ਤਿਆਰ ਕਰਵਾ ਲੈਂਦੇ ਹਨ ਜਦ ਕਿ ਚਾਹ ਵਗੈਰਾ ਧਰਨੇ ਵਾਲੀ ਥਾਂ ’ਤੇ ਹੀ ਬਣਾ ਲੈਂਦੇ ਹਨ। ਆਗੂਆਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਨੇ ਕੋਈ ਹਾਂ ਪੱਖੀ ਹੁੰਗਾਰਾ ਨਾ ਦਿੱਤਾ ਤਾਂ ਉਹ ਘਰਾਂ ਨੂੰ ਵਾਪਸ ਨਹੀਂ ਜਾਣਗੇ ਅਤੇ 18 ਸਤੰਬਰ ਨੂੰ ਇਥੋਂ ਹੀ ਅਗਲੇ ਸੰਘਰਸ਼ ਦਾ ਪੜਾਅ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਵਿੱਚ ਰੇਲਾਂ ਰੋਕੀਆਂ ਤੇ ਹਾਈਵੇਅ ਜਾਮ ਕੀਤੇ ਜਾ ਸਕਦੇ ਹਨ।

