ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਅੰਮ੍ਰਿਤਸਰ ਡੀ ਸੀ ਦਫ਼ਤਰ ਅੱਗੇ ਚੱਲ ਰਿਹਾ ਧਰਨਾ ਅੱਜ 16ਵੇਂ ਦਿਨ ਘਿਰਾਓ ਉਪਰੰਤ ਅਗਲਾ ਐਲਾਨ ਕਰ ਕੇ ਮੁਲਤਵੀ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਤਿੰਨ ਗੇਟ ਬੰਦ ਕਰ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਸ਼ਮੀਰ ਸਿੰਘ ਧੰਗਾਈ ਤੇ ਬਘੇਲ ਸਿੰਘ ਕੋਟਮੁਗਲ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕੀ ਮਸਲਿਆਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਪੰਜਾਬ ਸਰਕਾਰ ਨੇ ਇਨ੍ਹਾਂ ਗੰਭੀਰ ਮਸਲਿਆਂ ’ਤੇ ਚੁੱਪ ਧਾਰੀ ਹੋਈ ਹੈ। ਕਿਸਾਨ ਆਗੂਆਂ ਨੇ ਧਰਨਾ ਮੁਲਤਵੀ ਕਰਦੇ ਸਮੇ ਐਲਾਨ ਕੀਤਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕੀ ਮਸਲੇ ਹੱਲ ਹੋਣ ਤੱਕ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ 24 ਸਤੰਬਰ ਨੂੰ ਦੁਬਾਰਾ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਦਿਨ ਪੰਜਾਬ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਹੋਵੇਗਾ, ਜੱਥੇਬੰਦੀ ਚੰਡੀਗੜ੍ਹ ਵਿਧਾਨ ਸਭਾ ਵੱਲ ਮਾਰਚ ਕਰੇਗੀਾ। ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਸ਼ਾਮ ਚਾਰ ਵਜੇ ਜੱਥੇਬੰਦੀ ਦੀ ਡੀਸੀ ਦਲਵਿੰਦਰਜੀਤ ਸਿੰਘ ਨਾਲ ਮੀਟਿੰਗ ਹੋਈ, ਜਿਸ ਵਿੱਚ ਹੜ੍ਹ ਪੀੜਤਾਂ ਅਤੇ ਲੋਕਲ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਤਰਨ ਤਾਰਨ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਦਿੱਤੇ ਜਾ ਰਹੇ ਅਣਮਿਥੇ ਸਮੇਂ ਦੇ ਧਰਨੇ ਤਹਿਤ ਅੱਜ ਵੀ ਕਿਸਾਨਾਂ ਨੇ ਜ਼ਿਲ੍ਹਾ ਪ੍ਰਧਾਨ ਗੁਰਬਾਜ ਸਿੰਘ ਸਿਧਵਾਂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ। ਬੁਲਾਰਿਆਂ ਨੇ ਅਮਰੀਕਾ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ ਨੂੰ ਕਿਸਾਨਾਂ ਲਈ ਘਾਟੇ ਵਾਲਾ ਸੌਦਾ ਕਰਾਰ ਦਿੱਤਾ।

