Protest: ਦਿਵਿਆਂਗ ਐਕਸ਼ਨ ਕਮੇਟੀ ਵੱਲੋਂ ਬਿਆਸ ਪੁਲ ’ਤੇ ਧਰਨਾ
ਚੋਣ ਮਨੋਰਥ ਪੱਤਰ ਵਿੱਚ ਕੀਤਾ 2500 ਰੁਪਏ ਪੈਨਸ਼ਨ ਦਾ ਵਾਅਦਾ ਪੂਰਾ ਕਰਨ ਦੀ ਮੰਗ
ਆਪਣੀਆਂ ਮੰਗਾਂ ਮਨਵਾਉਣ ਲਈ ਦਿਵਿਆਂਗ ਐਕਸ਼ਨ ਕਮੇਟੀ ਪੰਜਾਬ ਨੇ ਸੂਬਾ ਪ੍ਰਧਾਨ ਲਖਬੀਰ ਸਿੰਘ ਦੀ ਅਗਵਾਈ ਹੇਠ ਜਲੰਧਰ-ਅੰਮ੍ਰਿਤਸਰ ਜੀ ਟੀ ਰੋਡ ’ਤੇ ਬਿਆਸ ਪੁਲ ’ਤੇ ਧਰਨਾ ਦਿੱਤਾ। ਧਰਨੇ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਕਰੀਬ 11 ਵਜੇ ਵੱਡੀ ਗਿਣਤੀ ਵਿੱਚ ਦਿਵਿਆਂਗ ਔਰਤਾਂ ਅਤੇ ਪੁਰਸ਼ਾਂ ਨੇ ਪੁਲ ਦਾ ਇੱਕ ਪਾਸਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਚੋਣ ਮੈਨੀਫੈਸਟੋ ਵਿੱਚ ਉਨ੍ਹਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ, ਪਰ ਸਾਢੇ ਚਾਰ ਸਾਲ ਬੀਤਣ ਦੇ ਬਾਵਜੂਦ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਸੂਬਾ ਪ੍ਰਧਾਨ ਲਖਬੀਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਮੁੱਖ ਮੰਤਰੀ ਜਾਂ ਕੋਈ ਉੱਚ ਅਧਿਕਾਰੀ ਉਨ੍ਹਾਂ ਨਾਲ ਗੱਲਬਾਤ ਨਹੀਂ ਕਰਦਾ, ਧਰਨਾ ਜਾਰੀ ਰਹੇਗਾ। ਸਖ਼ਤ ਧੁੱਪ ਵਿੱਚ ਸੜਕ ਕਿਨਾਰੇ ਬੈਠੇ ਦਿਵਿਆਂਗਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਤਿੱਖੇ ਸਵਾਲ ਚੁੱਕੇ। ਸਥਿਤੀ ਨੂੰ ਦੇਖਦਿਆਂ ਐੱਸ ਡੀ ਐੱਮ ਬਾਬਾ ਬਕਾਲਾ ਜਸ਼ਨਪ੍ਰੀਤ ਸਿੰਘ ਅਤੇ ਡੀ ਐੱਸ ਪੀ ਸੁਖਪਾਲ ਸਿੰਘ ਮੌਕੇ ਉੱਤੇ ਪੁੱਜੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਵੱਲੋਂ ਕਮੇਟੀ ਦੇ ਪੰਜ ਮੈਂਬਰਾਂ ਦੀ 3 ਸਤੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੇ ਲਿਖਤੀ ਭਰੋਸੇ ਮਗਰੋਂ ਕਰੀਬ 3 ਵਜੇ ਧਰਨਾ ਸਮਾਪਤ ਹੋਇਆ।

