ਖ਼ਰਾਬ ਮੌਸਮ ਅਤੇ ਪੁਲੀਸ ਪ੍ਰਸ਼ਾਸਨ ਦੀ ਬੇਰੁਖੀ ਦੇ ਚਲਦਿਆਂ ਬੇਅਦਬੀ ਕਰਵਾਉਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਥਾਣੇ ਅੱਗੇ ਅੱਜ ਤੀਜੇ ਦਿਨ ਵੀ ਮੋਰਚਾ ਜਾਰੀ ਰੱਖਿਆ ਗਿਆ। ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਸਾਜ਼ਿਸ਼ ਤਹਿਤ ਭਗਵਾਨ ਵਾਲਮੀਕਿ ਦੇ ਨਿਸ਼ਾਨ ਸਾਹਿਬ ਦੀ ਬੇਅਬਦੀ ਕਰਵਾਉਣ ਸਬੰਧੀ ਕੇਸ ਦਰਜ ਕਰਵਾ ਕੇ ਹੀ ਦਮ ਲਿਆ ਜਾਵੇਗਾ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ ਨੇ ਵੀ ਸੰਬੋਧਨ ਕੀਤਾ।
ਡੀ ਐੱਸ ਪੀ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਪੁਲੀਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕ ਦਾ ਇੱਕ ਪਾਸਾ ਬੰਦ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਟਰੈਫਿਕ ਲੰਘਾਉਣ ਲਈ ਬਦਲਵੇ ਪ੍ਰਬੰਧ ਕੀਤੇ ਗਏ ਹਨ।

