ਤਨਖ਼ਾਹ ਨਾ ਮਿਲਣ ’ਤੇ ਕਰੋਨਾ ਯੋਧਿਆਂ ਵੱਲੋਂ ਮੁਜ਼ਾਹਰਾ

ਪਿਛਲੇ ਪੰਜ ਮਹੀਨਿਆਂ ਤੋਂ ਨਹੀਂ ਮਿਲੀ ਤਨਖ਼ਾਹ; ਸੜਕ ’ਤੇ ਜਾਮ ਲਾ ਕੇ ਆਵਾਜਾਈ ਰੋਕੀ

ਤਨਖ਼ਾਹ ਨਾ ਮਿਲਣ ’ਤੇ ਕਰੋਨਾ ਯੋਧਿਆਂ ਵੱਲੋਂ ਮੁਜ਼ਾਹਰਾ

ਕਪੂਰਥਲਾ-ਜਲੰਧਰ ਸੜਕ ’ਤੇ ਜਾਮ ਲਗਾ ਕੇ ਬੈਠੇ ਕਰੋਨਾ ਯੋਧੇ। -ਫੋਟੋ: ਪੰਜਾਬੀ ਟ੍ਰਿਬਿਊਨ

ਪਾਲ ਸਿੰਘ ਨੌਲੀ

ਜਲੰਧਰ, 22 ਸਤੰਬਰ

ਕੋਵਿਡ-19 ਦੌਰਾਨ ਆਪਣੀਆਂ ਜਾਨਾਂ ਤਲੀ ’ਤੇ ਧਰ ਕੇ ਲੋਕਾਂ ਦੀ ਜਾਨ ਬਚਾਉਣ ਵਿੱਚ ਲੱਗੇ ਕਰੋਨਾ ਯੋਧਿਆਂ ਨੂੰ ਪਿਛਲੇ ਪੰਜਾਂ ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ। ਇੱਥੋਂ ਦੇ ਮੈਰੀਟੋਰੀਅਸ ਸਕੂਲ ਵਿੱਚ ਬਣੇ ਕੋਵਿਡ ਕੇਅਰ ਸੈਂਟਰ ਵਿੱਚ ਤਾਇਨਾਤ ਕਰੋਨਾ ਯੋਧਿਆਂ ਨੇ ਰੋਸ ਵਜੋਂ ਜਾਮ ਲਾਇਆ। ਇਨ੍ਹਾਂ ਵਿੱਚ ਡਾਕਟਰ, ਲੈਬ ਟੈਕਨੀਸ਼ੀਅਨ, ਨਰਸਾਂ ਅਤੇ ਵਾਰਡ ਅਟੈਂਡੈਂਟ ਸ਼ਾਮਲ ਹਨ। ਇਨ੍ਹਾਂ ਸਿਹਤ ਕਾਮਿਆਂ ਨੂੰ ਦਿਹਾੜੀ ’ਤੇ ਰੱਖਿਆ ਗਿਆ ਸੀ।

ਤਨਖਾਹਾਂ ਨਾ ਮਿਲਣ ਤੋਂ ਔਖੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਦਿਹਾੜੀਦਾਰ ਇਹ ਸਿਹਤ ਕਾਮੇ ਕਪੂਰਥਲਾ-ਜਲੰਧਰ ਰੋਡ ’ਤੇ ਬੈਠ ਗਏ ਤੇ ਉਨ੍ਹਾਂ ਆਵਾਜਾਈ ਰੋਕ ਦਿੱਤੀ। ਜਾਮ ਲੱਗਣ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਧਰਨਾਕਾਰੀ ਸਿਹਤ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਸਿਹਤ ਵਿਭਾਗ ਵਿਚ ਕੱਚੇ ਮੁਲਾਜ਼ਮਾਂ ਵਜੋਂ ਸੇਵਾਵਾਂ ਦੇ ਰਹੇ ਹਨ ਪਰ ਉਨ੍ਹਾਂ ਨੂੰ ਹਾਲੇ ਤੱਕ ਤਨਖਾਹ ਨਹੀਂ ਦਿੱਤੀ ਗਈ। ਸਿਹਤ ਮੁਲਾਜ਼ਮ ਜਤਿੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਰੱਖੇ ਗਏ ਕੱਚੇ ਸਿਹਤ ਕਾਮੇ ਕਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਡਿਊਟੀ ਦੇ ਰਹੇ ਹਨ ਪਰ ਪਿਛਲੇ ਪੰਜ ਮਹੀਨਿਆਂ ਤੋਂ ਉਨ੍ਹਾਂ ਨੂੰ ਤਨਖਾਹ ਵੀ ਨਹੀਂ ਦਿੱਤੀ ਜਾ ਰਹੀ ਹੈ। ਏਸੀਪੀ ਬਰਜਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਧਰਨਾ ਚੁੱਕਣ ਤੋਂ ਨਾਂਹ ਕਰ ਦਿੱਤੀ। ਏਸੀਪੀ ਨੇ ਧਰਨਾਕਾਰੀਆਂ ਦੀ ਅਗਵਾਈ ਕਰਨ ਵਾਲੇ ਸਿਹਤ ਮੁਲਾਜ਼ਮਾਂ ਦੀ ਡੀਸੀ ਘਨਸ਼ਿਆਮ ਥੋਰੀ ਨਾਲ ਫੋਨ ’ਤੇ ਗੱਲ ਕਰਵਾਈ ਜਿਨ੍ਹਾਂ ਧਰਨਾਕਾਰੀ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਤਨਖ਼ਾਹ ਛੇਤੀ ਜਾਰੀ ਕਰਵਾਉਣ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਸਿਹਤ ਮੁਲਾਜ਼ਮਾਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਜਾਮ ਖੋਲ੍ਹ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All