ਪੱਤਰ ਪ੍ਰੇਰਕ
ਮੁਕੇਰੀਆਂ, 31 ਅਗਸਤ
ਪਹਿਲੀ ਸਤੰਬਰ ਤੋਂ ਵਧਾਏ ਜਾ ਰਹੇ ਟੌਲ ਰੇਟਾਂ ਦੇ ਵਿਰੋਧ ਵਿੱਚ ਭੰਗਾਲਾਂ ਦੀ ਦਾਣਾ ਮੰਡੀ ਵਿੱਚ ਕਿਸਾਨ ਤੇ ਜਨਤਕ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਟੌਲ ਪਲਾਜ਼ਾ ਕੰਪਨੀਆਂ, ਸੂਬਾ ਅਤੇ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਦੇ ਪ੍ਰਧਾਨ ਬਲਕਾਰ ਸਿੰਘ ਮੱਲੀ, ਤਰਨਾਦਲ ਪੰਜਾਬ ਦੇ ਮੁਖੀ ਬਾਬਾ ਗੁਰਦੇਵ ਸਿੰਘ, ਸੀਨੀਅਰ ਮੀਤ ਪ੍ਰਧਾਨ ਸ਼ਮਿੰਦਰ ਸਿੰਘ, ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ ਆਦਿ ਨੇ ਕਿਹਾ ਕਿ ਗੱਡੀਆਂ ਦੀ ਖਰੀਦ ਸਮੇਂ ਦੇਸ਼ ਵਾਸੀ ਹਰ ਤਰ੍ਹਾਂ ਦਾ ਟੈਕਸ ਦਿੰਦੇ ਹਾਂ। ਇਸ ਦੇ ਬਾਵਜੂਦ ਸੜਕਾਂ ’ਤੇ ਟੋਲ ਪਲਾਜ਼ੇ ਲਗਾ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ। ਕੇਂਦਰ ਤੇ ਸੂਬਾ ਸਰਕਾਰਾਂ ਵਲੋਂ ਇਨ੍ਹਾਂ ਟੌਲ ਪਲਾਜ਼ਿਆਂ ਵਲੋਂ ਕੀਤੀ ਜਾ ਰਹੀ ਅੰਨ੍ਹੀ ਆਰਥਿਕ ਲੁੱਟ ਖਿਲਾਫ਼ ਕੋਈ ਪਾਬੰਦੀਆਂ ਨਹੀਂ ਲਗਾਈਆਂ ਜਾ ਰਹੀਆਂ। ਸਰਕਾਰਾਂ ਦੀ ਸ਼ਹਿ ’ਤੇ ਟੌਲ ਪਲਾਜ਼ਾ ਮਾਲਕ ਹਰ ਸਾਲ ਡੇਢ ਤੋਂ ਦੋ ਗੁਣਾ ਟੌਲ ਰੇਟ ਵਧਾ ਦਿੰਦੇ ਹਨ, ਪਰ ਸਰਕਾਰਾਂ ਨੇ ਇਸ ’ਤੇ ਮੌਨ ਧਾਰਿਆ ਹੋਇਆ ਹੈ। ਟੌਲ ਪਲਾਜ਼ਿਆਂ ਦੀ ਲੁੱਟ ਖਿਲਾਫ਼ ਤਿੱਖਾ ਸੰਘਰਸ਼ ਆਰੰਭਿਆ ਜਾ ਰਿਹਾ ਹੈ, ਜਿਸ ਤਹਿਤ ਆਉਂਦੇ ਦਿਨਾਂ ਵਿੱਚ ਟਰੱਕ ਯੁਨੀਅਨਾਂ, ਟੈਂਪੂ ਟਰੈਵਲ, ਕਾਰ, ਮਿੰਨੀ ਬੱਸ ਅਪਰੇਟਰਾਂ ਅਤੇ ਸੰਯੁਕਤ ਕਿਸਾਨ ਮੋਰਚੇ ਨਾਲ ਤਾਲਮੇਲ ਕਰਕੇ ਸਰਕਾਰੀ ਤਾਨਾਸ਼ਾਹੀ ਵਿਰੁੱਧ ਤਿੱਖੇ ਐਕਸ਼ਨ ਕਰਕੇ ਟੌਲ ਪਲਾਜ਼ਿਆ ਨੂੰ ਮੁਫ਼ਤ ਕਰਾਇਆ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਹੜ੍ਹ ਨਾਲ ਬਰਬਾਦ ਹੋਈਆਂ ਫਸਲਾਂ, ਮਾਲਡੰਗਰ, ਢਹਿ ਗਏ ਮਕਾਨਾਂ, ਜਾਨ ਤੇ ਮਾਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਜਥੇਬੰਦੀਆਂ ਵੱਲੋਂ ਤੈਅ ਕੀਤੇ ਫੈਸਲੇ ਮੁਤਾਬਕ ਦਿੱਤਾ ਜਾਵੇ। ਕਿਸਾਨਾਂ ਤੇ ਮਜਦੂਰ ਦੋਹਾਂ ਧਿਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੀ ਰਣਨੀਤੀ ਲਈ 12 ਸਤੰਬਰ ਮੁਕੇਰੀਆਂ ਵਿਖੇ ਸਮੂਹ ਜਥੇਬੰਦੀਆਂ ਦੀ ਮੀਟਿੰਗ ਉਪਰੰਤ ਫੈਸਲਾ ਕੀਤਾ ਜਾਵੇਗਾ। ਇਸ ਮੌਕੇ ਸੂਬੇਦਾਰ ਰਾਜਿੰਦਰ ਸਿੰਘ ਕੁੱਲੀਆਂ, ਰਮੇਸ਼ ਲਾਲ ਪ੍ਰਧਾਨ ਬਾਲਮੀਕ ਸਭਾ ਭੰਗਾਲਾ, ਜਥੇਦਾਰ ਪਰਮਿੰਦਰ ਸਿੰਘ ਖਾਲਸਾ, ਰਣਦੀਪ ਸਿੰਘ ਧਨੋਆ, ਜਥੇਦਾਰ ਰਣਜੀਤ ਸਿੰਘ, ਆਦਿ ਵੀ ਹਾਜ਼ਰ ਸਨ।