Protest Against Nakodar Police: ਪੁਲੀਸ ਦੀਆਂ ਵਧੀਕੀਆਂ ਖ਼ਿਲਾਫ਼ ਧਰਨਾ
ਮੰਗਾਂ ਨਾ ਮੰਨੇ ਜਾਣ ’ਤੇ ਐੱਸ ਐੱਸ ਪੀ ਦਫ਼ਤਰ ਦੇ ਘਿਰਾਓ ਦਾ ਐਲਾਨ
ਇਲਾਕੇ ਦੀਆਂ ਪ੍ਰਮੁੱਖ ਜਨਤਕ ਤੇ ਜਮਹੂਰੀ ਜਥੇਬੰਦੀਆਂ ਨੇ ਨਕੋਦਰ ਪੁਲੀਸ ਦੀ ਕਾਰਜਸ਼ੈਲੀ ਅਤੇ ਵਧੀਕੀਆਂ ਵਿਰੁੱਧ ਡੀ ਐੱਸ ਪੀ ਦਫ਼ਤਰ ਅੱਗੇ ਧਰਨਾ ਦਿੱਤਾ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਲੋਕਾਂ ਦੇ ਮਸਲੇ ਜਲਦ ਹੱਲ ਨਾ ਕੀਤੇ ਗਏ ਤਾਂ ਸਮੂਹ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਕਰ ਕੇ ਐੱਸ ਐੱਸ ਪੀ ਜਲੰਧਰ (ਦਿਹਾਤੀ) ਦਾ ਘਿਰਾਓ ਕੀਤਾ ਜਾਵੇਗਾ। ਧਰਨੇ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਨੇ ਨਕੋਦਰ ਪੁਲੀਸ ਨੂੰ ‘ਆਪ’ ਸਰਕਾਰ ਦੀ ਕਠਪੁਤਲੀ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀਆਂ ਦੀ ਸ਼ਹਿ ’ਤੇ ਇਲਾਕੇ ਦੇ ਮੋਹਤਬਰ ਵਿਅਕਤੀਆਂ ਨੂੰ ਬੇਇੱਜ਼ਤ ਕਰਨਾ ਅਤੇ ਆਮ ਲੋਕਾਂ ’ਤੇ ਝੂਠੇ ਪਰਚੇ ਦਰਜ ਕਰਨੇ ਪੁਲੀਸ ਦਾ ਰੋਜ਼ਾਨਾ ਦਾ ਵਰਤਾਰਾ ਬਣ ਚੁੱਕਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਪੁਲੀਸ ਬੇਲਗਾਮ ਹੋ ਚੁੱਕੀ ਹੈ, ਜਿਸ ਨੂੰ ਮਜ਼ਦੂਰਾਂ-ਕਿਸਾਨਾਂ ਦੇ ਸਾਂਝੇ ਤੇ ਤਿੱਖੇ ਘੋਲਾਂ ਨਾਲ ਹੀ ਨੱਥ ਪਾਈ ਜਾ ਸਕਦੀ ਹੈ। ਜਮਹੂਰੀ ਕਿਸਾਨ ਸਭਾ ਦੇ ਆਗੂ ਮਨੋਹਰ ਸਿੰਘ ਗਿੱਲ ਨੇ ਕਿਹਾ ਕਿ ਥਾਣਿਆਂ ਵਿੱਚ ਦਿੱਤੀਆਂ ਦਰਖਾਸਤਾਂ ’ਤੇ ਮਹੀਨਿਆਂਬੱਧੀ ਕਾਰਵਾਈ ਨਾ ਹੋਣ ਕਾਰਨ ਮਾਮਲੇ ਵਿਗੜ ਜਾਂਦੇ ਹਨ। ਇਸ ਮੌਕੇ ਚਰਨਜੀਤ ਥੰਮੂਵਾਲ, ਮੇਜਰ ਖੁਰਲਾਪੁਰ, ਰਾਮ ਸਿੰਘ ਕੈਮਵਾਲਾ, ਕੁਲਦੀਪ ਵਾਲੀਆ, ਹਰਬੰਸ ਮੱਟੂ ਅਤੇ ਵਿਕਰਮ ਮੰਡਾਲਾ ਨੇ ਵੀ ਵਿਚਾਰ ਰੱਖੇ। ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਗੱਲ ਸੁਣਨ ਨਾ ਪਹੁੰਚਣ ਕਾਰਨ ਰੋਸ ਪ੍ਰਦਰਸ਼ਨ ਕਰਦਿਆਂ ਆਉਣ ਵਾਲੇ ਦਿਨਾਂ ਵਿੱਚ ਐੱਸ ਐੱਸ ਪੀ ਦਫ਼ਤਰ ਦੇ ਘਿਰਾਓ ਦਾ ਐਲਾਨ ਕਰਕੇ ਧਰਨਾ ਸਮਾਪਤ ਕਰ ਦਿੱਤਾ ਗਿਆ।

