ਅਮਰੀਕਾ ਨਾਲ ਸਮਝੌਤਿਆਂ ਖ਼ਿਲਾਫ਼ ਪ੍ਰਦਰਸ਼ਨ
ਕਿਸਾਨਾਂ ਨੇ ਭਾਜਪਾ ਦੇ ਮੁੱਖ ਦਫ਼ਤਰਾਂ ਅੱਗੇ ਟਰੰਪ ਤੇ ਮੋਦੀ ਦੇ ਪੁਤਲੇ ਫੂਕੇ
ਭਾਰਤ ਦੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਿਆਂ ਖ਼ਿਲਾਫ਼ ਕਿਸਾਨ ਮਜ਼ਦੂਰ ਮੋਰਚਾ (ਕੇ ਐੱਮ ਐੱਮ) ਦੇ ਸੱਦੇ ’ਤੇ ਅੱਜ ਵੱਖ-ਵੱਖ ਥਾਵਾਂ ’ਤੇ ਜ਼ੋਰਦਾਰ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਕਿਸਾਨਾਂ ਨੇ ਭਾਜਪਾ ਦੇ ਦਫ਼ਤਰਾਂ ਅਤੇ ਆਗੂਆਂ ਦੇ ਘਰਾਂ ਦੇ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੁਤਲੇ ਫੂਕੇ। ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਦੇ ਦਬਾਅ ਹੇਠ ਦੇਸ਼ ਨੂੰ ਆਰਥਿਕ ਅਤੇ ਸਿਆਸੀ ਗੁਲਾਮੀ ਵੱਲ ਧੱਕ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਸਮਝੌਤਾ ਸਿਰੇ ਚੜ੍ਹ ਜਾਂਦਾ ਹੈ ਤਾਂ ਅਮਰੀਕੀ ਵਸਤਾਂ ਤੋਂ ਟੈਕਸ ਖ਼ਤਮ ਹੋਣ ਨਾਲ ਸਥਾਨਕ ਪੈਦਾਵਾਰ ਪੂਰੀ ਤਰ੍ਹਾਂ ਤਬਾਹ ਹੋ ਜਾਵੇਗੀ ਅਤੇ ਖੇਤੀ ਮੰਡੀਆਂ ਤੋਂ ਲੈ ਕੇ ਹਰ ਮਾਰਕੀਟ ’ਤੇ ਕਾਰਪੋਰੇਟ ਕੰਪਨੀਆਂ ਦਾ ਕਬਜ਼ਾ ਹੋ ਜਾਵੇਗਾ। ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ਖੇਤੀ ਕਾਨੂੰਨਾਂ ਵਾਂਗ ਹੀ ਦੁਬਾਰਾ ਗ਼ਲਤੀ ਦੁਹਰਾ ਰਹੀ ਹੈ ਅਤੇ ਇਸ ਸਮਝੌਤੇ ਸਬੰਧੀ ਡੇਅਰੀ, ਖੇਤੀਬਾੜੀ ਅਤੇ ਛੋਟੇ ਵਪਾਰੀਆਂ ਵਰਗੇ ਪ੍ਰਭਾਵਿਤ ਵਰਗਾਂ ਨਾਲ ਕੋਈ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਖੇਤੀ ਵੱਡੇ ਪੱਧਰ ’ਤੇ ਮਸ਼ੀਨ ਨਾਲ ਹੁੰਦੀ ਹੈ ਅਤੇ ਉੱਥੇ ਭਾਰੀ ਸਰਕਾਰੀ ਸਬਸਿਡੀਆਂ ਮਿਲਦੀਆਂ ਹਨ, ਜਦਕਿ ਪੰਜਾਬ ਵਿੱਚ 86 ਫ਼ੀਸਦ ਕਿਸਾਨ ਛੋਟੀ ਜੋਤ (ਪੰਜ ਏਕੜ ਜਾਂ ਘੱਟ) ਵਾਲੇ ਹਨ। ਵਿਦੇਸ਼ੀ ਖੇਤੀ ਉਤਪਾਦ ਮੰਡੀਆਂ ਵਿੱਚ ਡੰਪ ਹੋਣ ਨਾਲ ਕਿਸਾਨਾਂ ਦੀ ਆਮਦਨ ਹੋਰ ਘਟੇਗੀ। ਕਿਸਾਨਾਂ ਨੇ ਚੁਣੌਤੀ ਦਿੱਤੀ ਕਿ ਜੇ ਇਹ ਸਮਝੌਤਾ ਦੇਸ਼ ਦੇ ਹੱਕ ਵਿੱਚ ਹੈ, ਤਾਂ ਸਰਕਾਰ ਮੀਡੀਆ ਦੇ ਸਾਹਮਣੇ ਲਾਈਵ ਓਪਨ ਮੀਟਿੰਗ ਸੱਦੇ।
ਸੁਲਤਾਨਪੁਰ ਲੋਧੀ (ਦੀਪਕ ਧੀਰ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਨਡਾਲਾ, ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਦੇ ਤਲਵੰਡੀ ਚੌਧਰੀਆਂ ਰੋਡ ਪੁਲ ’ਤੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ। ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਡੇਅਰੀ ਅਤੇ ਪੋਲਟਰੀ ਫਾਰਮਾਂ ਨਾਲ ਸਬੰਧਤ ਲਿਆਂਦੇ ਜਾ ਰਹੇ ਚਾਰ ਕਾਨੂੰਨਾਂ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ, ਜ਼ਿਲ੍ਹਾ ਸਕੱਤਰ ਸ਼ੇਰ ਸਿੰਘ ਮਹੀਂਵਾਲ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਪੁਸ਼ਪਿੰਦਰ ਸਿੰਘ ਰੰਧੀਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਅਤੇ ਪਸ਼ੂ-ਪਾਲਕਾਂ ਦੇ ਹਿੱਤਾਂ ਦੇ ਬਿਲਕੁਲ ਖ਼ਿਲਾਫ਼ ਹਨ। ਇਨ੍ਹਾਂ ਨੀਤੀਆਂ ਕਾਰਨ ਛੋਟੇ ਡੇਅਰੀ ਤੇ ਪੋਲਟਰੀ ਫਾਰਮਰ ਬਰਬਾਦੀ ਦੇ ਕੰਢੇ ਪਹੁੰਚ ਜਾਣਗੇ। ਕਿਸਾਨ ਆਗੂਆਂ ਨੇ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਇਨ੍ਹਾਂ ਲੋਕ ਵਿਰੋਧੀ ਫ਼ੈਸਲਿਆਂ ਨੂੰ ਤੁਰੰਤ ਵਾਪਸ ਨਾ ਲਿਆ ਗਿਆ ਅਤੇ ਕਿਸਾਨਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੀਆਂ ਸ਼ੰਕਾਵਾਂ ਦੂਰ ਨਾ ਕੀਤੀਆਂ ਗਈਆਂ, ਤਾਂ ਆਉਣ ਵਾਲੇ ਦਿਨਾਂ ਵਿੱਚ ਇਸ ਸੰਘਰਸ਼ ਨੂੰ ਸੂਬਾ ਪੱਧਰ ’ਤੇ ਹੋਰ ਤਿੱਖਾ ਅਤੇ ਵਿਆਪਕ ਰੂਪ ਦਿੱਤਾ ਜਾਵੇਗਾ।
ਤਰਨ ਤਾਰਨ (ਗੁਰਬਖ਼ਸ਼ਪੁਰੀ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ਤੇ ਅੱਜ ਅਮਰੀਕਾ ਅਤੇ ਭਾਰਤ ਵਿਚਕਾਰ ਹੋਣ ਵਾਲੇ ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੁਤਲੇ ਫੂਕੇ। ਸੈਂਕੜੇ ਵਰਕਰਾਂ ਵੱਲੋਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਅਗਵਾਈ ਵਿੱਚ ਵਰਕਰਾਂ ਨੇ ਭਾਜਪਾ ਦੇ ਜ਼ਿਲ੍ਹਾ ਦਫਤਰ ਅੱਗੇ ਰੋਸ ਵਿਖਾਵਾ ਕੀਤਾ ਅਤੇ ਪੁਤਲਾ ਸਾੜਿਆ।
ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਰੱਦ ਕਰਨ ਦੀ ਮੰਗ
ਮੁਕੇਰੀਆਂ (ਜਗਜੀਤ ਸਿੰਘ): ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਖ਼ਿਲਾਫ਼ ਅੱਜ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਦੇ ਦਫ਼ਤਰ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪੁਤਲੇ ਫੂਕੇ ਗਏ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਪੁਰਾਣਾ ਭੰਗਾਲਾ ਅਤੇ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਇਸ ਸਮਝੌਤੇ ਤਹਿਤ ਅਮਰੀਕਾ ਆਪਣੀ ਮੱਕੀ, ਕਪਾਹ, ਸੋਇਆਬੀਨ ਅਤੇ ਡੇਅਰੀ ਉਤਪਾਦ ਬਿਨਾਂ ਕਿਸੇ ਟੈਕਸ ਦੇ ਭਾਰਤੀ ਬਾਜ਼ਾਰਾਂ ਵਿੱਚ ਵੇਚ ਸਕੇਗਾ, ਜਦਕਿ ਭਾਰਤੀ ਵਸਤਾਂ ’ਤੇ 18 ਫ਼ੀਸਦ ਟੈਕਸ ਲੱਗੇਗਾ। ਇਸ ਪੱਖਪਾਤੀ ਸਮਝੌਤੇ ਨਾਲ ਦੇਸ਼ ਦੇ ਕਿਸਾਨਾਂ, ਆੜ੍ਹਤੀਆਂ, ਮੁਨੀਮਾਂ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਭਾਰੀ ਸੱਟ ਵੱਜੇਗੀ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਤੋਂ ਇਸ ਵਪਾਰਕ ਸਮਝੌਤੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਹ ਸਮਝੌਤਾ ਵਾਪਸ ਨਾ ਲਿਆ ਤਾਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ।
